ਚੀਫ ਖਾਲਸਾ ਦੀਵਾਨ ਨੇ ਆਪਣੇ ਫ਼ੈਸਲੇ ’ਤੇ ਲਿਆ ਯੂ-ਟਰਨ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 12 ਜੁਲਾਈ
ਸਿੱਖ ਸੰਸਥਾ ਚੀਫ ਖਾਲਸਾ ਦੀਵਾਨ ਦੀ ਕਾਰਜਸਾਧਕ ਕਮੇਟੀ ਅਤੇ ਜਨਰਲ ਹਾਊਸ ਦੀ ਮੀਟਿੰਗ ਵਿੱਚ ਅੱਜ 63 ਮੈਂਬਰਾਂ ਦੀ ਮੈਂਬਰਸ਼ਿਪ ਖਾਰਜ ਕਰਨ ਸਬੰਧੀ ਕੀਤੇ ਫੈਸਲੇ ਨੂੰ ਵਾਪਸ ਲੈਣ ਅਤੇ ਇਸ ਸਬੰਧੀ ਬਣੀ ਸੂਚੀ ਦੀ ਮੁੜ ਜਾਂਚ ਕਰਾਉਣ ਦਾ ਫੈਸਲਾ ਕੀਤਾ ਗਿਆ ਹੈ। ਦੀਵਾਨ ਦੀ 23 ਮਾਰਚ ਨੂੰ ਹੋਈ ਕਾਰਜਸਾਧਕ ਕਮੇਟੀ ਦੀ ਮੀਟਿੰਗ ਵਿੱਚ ਅਤੇ ਜਨਰਲ ਹਾਊਸ ਦੀ ਮੀਟਿੰਗ ਵਿੱਚ ਪਿਛਲੇ ਲੰਬੇ ਸਮੇਂ ਤੋਂ ਗੈਰ ਹਾਜ਼ਰ ਰਹਿ ਰਹੇ 63 ਮੈਂਬਰਾਂ ਦੀ ਮੈਂਬਰਸ਼ਿਪ ਖਤਮ ਕਰਨ ਦਾ ਫੈਸਲਾ ਕੀਤਾ ਗਿਆ ਸੀ। ਇਨ੍ਹਾਂ ਵਿੱਚ ਬਿਕਰਮ ਸਿੰਘ ਮਜੀਠੀਆ ਦੇ ਪਿਤਾ ਸੱਤਿਆਜੀਤ ਸਿੰਘ ਮਜੀਠੀਆ ਦਾ ਨਾਮ ਹੀ ਸ਼ਾਮਲ ਸੀ। ਅੱਜ ਮੀਟਿੰਗ ਦੌਰਾਨ ਆਨਰੇਰੀ ਸਕੱਤਰ ਰਮਨੀਕ ਸਿੰਘ ਫਰੀਡਮ ਨੇ ਆਖਿਆ ਕਿ ਜਿਨ੍ਹਾਂ 63 ਮੈਂਬਰਾਂ ਦੀ ਮੈਂਬਰਸ਼ਿਪ ਖਾਰਜ ਕਰਨ ਲਈ ਸੂਚੀ ਬਣਾਈ ਗਈ ਸੀ, ਉਸ ਸੂਚੀ ਵਿੱਚ ਊਣਤਾਈਆਂ ਹੋਣ ਕਾਰਨ ਇਸ ਸੂਚੀ ਨੂੰ ਦੁਬਾਰਾ ਜਾਂਚ ਪੜਤਾਲ ਕਰਨ ਦੇ ਮੱਦੇਨਜ਼ਰ ਖਾਰਜ ਕੀਤਾ ਗਿਆ ਹੈ। ਇਸ ਨੂੰ ਕਾਰਜਸਾਧਕ ਅਤੇ ਜਨਰਲ ਹਾਊਸ ਵੱਲੋਂ ਸਰਬਸੰਮਤੀ ਨਾਲ ਪ੍ਰਵਾਨਗੀ ਦੇ ਦਿੱਤੀ ਗਈ ਹੈ। ਅੱਜ ਦੇ ਇਸ ਫੈਸਲੇ ਨਾਲ ਜਿਨ੍ਹਾਂ ਮੈਂਬਰਾਂ ਦੀ ਮੈਂਬਰਸ਼ਿਪ ਖਾਰਜ ਕਰਨ ਦਾ ਫੈਸਲਾ ਹੋ ਗਿਆ ਸੀ, ਉਨ੍ਹਾਂ ਦੀ ਸਿੱਖ ਸੰਸਥਾ ਵਿੱਚ ਮੁੜ ਬਹਾਲੀ ਦਾ ਰਾਹ ਪੱਧਰਾ ਹੋ ਗਿਆ ਹੈ। ਇਸ ਦੌਰਾਨ ਦੀਵਾਨ ਦੇ ਪ੍ਰਧਾਨ ਅਤੇ ‘ਆਪ’ ਦੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਵੱਲੋਂ ਇਸ ਸਬੰਧੀ ਉਕਾਈ ਹੋ ਜਾਣ ’ਤੇ ਦੁਬਾਰਾ ਅੰਮ੍ਰਿਤ ਛੱਕ ਕੇ ਭੁੱਲ ਬਖਸ਼ਾਉਣ ਲਈ ਅਪੀਲ ਕੀਤੀ ਗਈ ਹੈ। ਮੀਟਿੰਗ ਦੀਵਾਨ ਦੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੋਈ।