ਮੋਘੇ ਤੋੜਨ ਦੇ ਦੋਸ਼ ਹੇਠ ਸੌ ਤੋਂ ਵੱਧ ਕਿਸਾਨਾਂ ਖ਼ਿਲਾਫ਼ ਕੇਸ ਦਰਜ
ਬਲਵਿੰਦਰ ਸਿੰਘ ਹਾਲੀ
ਕੋਟਕਪੂਰਾ, 28 ਜੂਨ
ਫਰੀਦਕੋਟ ਪੁਲੀਸ ਨੇ ਥਾਣਾ ਸਦਰ ਅਧੀਨ ਆਉਂਦੇ ਤਿੰਨ ਪਿੰਡਾਂ ਦੇ 100 ਦੇ ਕਰੀਬ ਕਿਸਾਨਾਂ ਖ਼ਿਲਾਫ਼ ਫਰੀਦਕੋਟ ਰਜਬਾਹਾ ਵਿੱਚ ਲੱਗੇ ਤਿੰਨ ਮੋਘੇ ਤੋੜਨ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਹੈ, ਜਿਨ੍ਹਾਂ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ ਵਿੱਚ ਕਈ ਕਿਸਾਨ ਆਪਸ ਵਿੱਚ ਸਕੇ ਭਰਾ ਅਤੇ ਪਿਉ-ਪੁੱਤਰ ਵੀ ਹਨ।
ਐੱਸਡੀਓ (ਢੈਪਈ ਨਹਿਰ) ਮਨਦੀਪ ਸਿੰਘ ਸਰਾ ਨੇ ਲਗਪਗ ਸਾਲ ਪਹਿਲਾਂ ਜ਼ਿਲ੍ਹਾ ਪੁਲੀਸ ਨੂੰ ਤਿੰਨ ਵੱਖ ਵੱਖ ਪੱਤਰ ਦੇ ਕੇ ਸ਼ਿਕਾਇਤ ਕੀਤੀ ਸੀ ਕਿ ਪਿੰਡ ਔਲਖ, ਢੀਮਾਂਵਾਲੀ ਅਤੇ ਦੁਆਰੇਆਨਾ ਦੇ ਕਿਸਾਨਾਂ ਨੇ ਨਾਜਾਇਜ਼ ਢੰਗ ਨਾਲ ਨਹਿਰੀ ਪਾਣੀ ਨਾਲ ਖੇਤ ਦੀ ਸਿੰਜਾਈ ਕਰਨ ਲਈ ਫਰੀਦਕੋਟ ਰਜਬਾਹੇ ਦੇ ਤਿੰਨ ਮੋਘਿਆਂ ਵਿੱਚ ਲੱਗੀਆਂ ਮਸ਼ੀਨਾਂ ਨੂੰ ਤੋੜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਹ ਸਭ ਕੁਝ ਇਨ੍ਹਾਂ ਮੋਘਿਆਂ ਦੇ ਹਿੱਸੇਦਾਰਾਂ ਨੇ ਕੀਤਾ ਹੈ। ਸਿੰਜਾਈ ਵਿਭਾਗ ਦੇ ਸੂਤਰਾਂ ਅਨੁਸਾਰ ਵਿਭਾਗ ਦੇ ਅਧਿਕਾਰੀਆਂ ਨੇ 29 ਜੁਲਾਈ 24 ਨੂੰ ਫਰੀਦਕੋਟ ਰਾਜਬਾਰੇ ਦੇ ਤਿੰਨ ਮੋਘਿਆਂ ਨੰਬਰ 28731 ਆਰ ਪਿੰਡ ਔਲਖ, 75663 ਆਰ ਪਿੰਡ ਢੀਮਾਂਵਾਲੀ ਅਤੇ 72389 ਐੱਲ ਪਿੰਡ ਦੁਆਰੇਆਨਾ ਦੀਆਂ ਮਸ਼ੀਨਾਂ ਟੁੱਟੀਆਂ ਦੇਖੀਆਂ।
ਉਨ੍ਹਾਂ ਦੱਸਿਆ ਇਨ੍ਹਾਂ ਮੋਘਿਆਂ ਦੇ ਹਿੱਸੇਦਾਰਾਂ ਨੇ ਖੇਤਾਂ ਲਈ ਵੱਧ ਪਾਣੀ ਲੈਣ ਲਈ ਮਸ਼ੀਨਾਂ ਤੋੜ ਕੇ ਇਨ੍ਹਾਂ ਵਿੱਚੋਂ ਇੱਟਾਂ ਕੱਢ ਦਿੱਤੀਆਂ। ਪੁਲੀਸ ਨੇ ਇਸ ਸ਼ਿਕਾਇਤ ਮਗਰੋਂ ਲਗਪਗ 11 ਮਹੀਨੇ ਲੰਮੀ ਜਾਂਚ ਕਰਨ ਉਪਰੰਤ ਹੁਣ ਪਿੰਡ ਔਲਖ ਅਤੇ ਢੀਮਾਂਵਾਲੀ ਦੇ ਇਨ੍ਹਾਂ ਮੋਘਿਆਂ ਨਾਲ ਸਬੰਧਤ 80 ਤੋਂ ਵੱਧ ਕਿਸਾਨਾਂ ਦੇ ਨਾਵਾਂ ਅਤੇ ਪਿੰਡ ਦੁਆਰੇਆਨਾ ਦੇ ਮੋਘੇ ਨਾਲ ਸਬੰਧਤ 20 ਦੇ ਕਰੀਬ ਅਣਪਛਾਤੇ ਹਿੱਸੇਦਾਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਅਣਪਛਾਤੇ ਹਿੱਸੇਦਾਰਾਂ ਦੀ ਪਛਾਣ ਬਾਕੀ: ਐੱਸਐੱਚਓ
ਥਾਣਾ ਸਦਰ ਕੋਟਕਪੂਰਾ ਦੇ ਐੱਸਐੱਚਓ ਇੰਸਪੈਕਟਰ ਗੁਰਾਂਦਿੱਤਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਨਹਿਰੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਜੋ ਪੱਤਰ ਆਇਆ ਸੀ ਉਸੇ ਅਨੁਸਾਰ ਜਾਂਚ ਮਗਰੋਂ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦੁਆਰੇਆਨਾ ਪਿੰਡ ਦੇ ਸਬੰਧਤ ਮੋਘਾ ਤੋੜਨ ਵਾਲੇ ਅਣਪਛਾਤੇ ਹਿੱਸੇਦਾਰਾਂ ਦੀ ਹਾਲੇ ਪਛਾਣ ਹੋਣੀ ਬਾਕੀ ਹੈ।