ਬਿਹਾਰ ਚੋਣਾਂ: ਜੇਡੀ (ਯੂ) ਦੇ ਹਿੱਸੇ ਆਉਣਗੀਆਂ ਸਭ ਤੋਂ ਵੱਧ ਸੀਟਾਂ
ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 7 ਜੂਨ
ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਵਿੱਚ ਸੀਟਾਂ ਦੀ ਵੰਡ ਬਾਰੇ ਚਰਚਾ ਜ਼ੋਰ ਫੜ ਰਹੀ ਹੈ, ਕਿਉਂਕਿ ਪਤਾ ਲੱਗਿਆ ਹੈ ਕਿ ਸਹਿਯੋਗੀ ਪਾਰਟੀਆਂ ਵਿਚਾਲੇ ਟਿਕਟਾਂ ਦੀ ਵੰਡ ਲੋਕ ਸਭਾ ਚੋਣਾਂ ਦੇ ਫਾਰਮੂਲੇ ਮੁਤਾਬਕ ਹੋਵੇਗੀ। ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ 17, ਜਨਤਾ ਦਲ (ਯੂਨਾਈਟਿਡ) ਨੇ 16, ਐੱਲਜੇਪੀ (ਆਰਵੀ) ਨੇ ਪੰਜ ਅਤੇ ਐੱਚਏਐੱਮ ਤੇ ਆਰਐੱਲਐੱਮ ਨੇ ਇਕ-ਇਕ ਸੀਟ ’ਤੇ ਚੋਣ ਲੜੀ ਸੀ। ਸੰਸਦੀ ਚੋਣਾਂ ਵਿੱਚ ਭਾਜਪਾ ਨੂੰ ਥੋੜੀ ਬੜ੍ਹਤ ਮਿਲੀ ਸੀ ਪਰ ਸੂਤਰਾਂ ਦਾ ਕਹਿਣਾ ਹੈ ਕਿ ਇਸ ਵਾਰ ਜੇਡੀ (ਯੂ) ਵੱਲੋਂ ਭਾਜਪਾ ਨਾਲੋਂ ਇਕ ਜਾਂ ਦੋ ਵੱਧ ਸੀਟਾਂ ’ਤੇ ਚੋਣ ਲੜੇ ਜਾਣ ਦੀ ਆਸ ਹੈ। 2024 ਦੀਆਂ ਲੋਕ ਸਭਾ ਚੋਣਾਂ ਵਿੱਚ 100 ਫ਼ੀਸਦ ਜਿੱਤ ਦੇ ਰਿਕਾਰਡ ਨੂੰ ਦੇਖਦੇ ਹੋਏ ਭਾਜਪਾ ਅਤੇ ਜੇਡੀ (ਯੂ) ਤੋਂ ਇਲਾਵਾ ਐੱਲਜੇਪੀ (ਆਰਵੀ) ਨੂੰ ਸਭ ਤੋਂ ਵੱਧ ਸੀਟਾਂ ਮਿਲਣਗੀਆਂ। ਸੂਤਰਾਂ ਮੁਤਾਬਕ, ਬਿਹਾਰ ਦੀਆਂ 243 ਵਿਧਾਨ ਸਭਾ ਸੀਟਾਂ ’ਚੋਂ ਜੇਡੀ (ਯੂ) 102-103 ਸੀਟਾਂ ’ਤੇ ਅਤੇ ਭਾਜਪਾ 101-102 ਸੀਟਾਂ ’ਤੇ ਚੋਣ ਲੜ ਸਕਦੀ ਹੈ। ਬਾਕੀ 40 ਸੀਟਾਂ ਐੱਲਜੇਪੀ (ਆਰਵੀ), ਐੱਚਏਐੱਮ ਤੇ ਆਰਐੱਲਐੱਮ ਵਿਚਾਲੇ ਵੰਡੀਆਂ ਜਾਣਗੀਆਂ। ਐੱਲਜੇਪੀ (ਆਰਵੀ) ਨੂੰ 25-27 ਸੀਟਾਂ, ਐੱਚਏਐੱਮ ਨੂੰ ਛੇ ਤੋਂ ਸੱਤ ਸੀਟਾਂ ਅਤੇ ਆਰਐੱਲਐੱਮ ਨੂੰ ਚਾਰ ਤੋਂ ਪੰਜ ਸੀਟਾਂ ਮਿਲ ਸਕਦੀਆਂ ਹਨ। ਜੇਡੀ (ਯੂ) ਦੇ ਇਕ ਆਗੂ ਨੇ ਕਿਹਾ, ‘‘ਸੀਟਾਂ ਦੀ ਵੰਡ ਨੂੰ ਲੈ ਕੇ ਅਜੇ ਹੋਰ ਮੀਟਿੰਗਾਂ ਹੋਣਗੀਆਂ।’’
ਮੇਰੀ ਨਜ਼ਰ ਮੁੱਖ ਮੰਤਰੀ ਦੀ ਕੁਰਸੀ ’ਤੇ: ਪਾਸਵਾਨ
ਕੇਂਦਰੀ ਮੰਤਰੀ ਚਿਰਾਗ ਪਾਸਵਾਨ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਸੰਸਦੀ ਬੋਰਡ ਇਸ ਬਾਰੇ ਫੈਸਲਾ ਲਵੇਗਾ ਕਿ ਉਹ ਬਿਹਾਰ ਚੋਣਾਂ ਲੜਨਗੇ ਜਾਂ ਨਹੀਂ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਨਜ਼ਰ ਮੁੱਖ ਮੰਤਰੀ ਦੀ ਕੁਰਸੀ ’ਤੇ ਹੈ। ਪਾਸਵਾਨ ਨੇ ਕਿਹਾ, ‘‘ਮੈਂ ਚੋਣ ਲੜਾਂਗਾ ਜਾਂ ਨਹੀਂ, ਇਹ ਮੇਰੀ ਪਾਰਟੀ ਦਾ ਸੰਸਦੀ ਬੋਰਡ ਤੈਅ ਕਰੇਗਾ। ਜੇਕਰ ਮੈਂ ਚੋਣ ਲੜਦਾ ਵੀ ਹਾਂ ਤਾਂ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ। ਇੱਥੋਂ ਤੱਕ ਕਿ ਭਾਜਪਾ ਵੀ ਅਕਸਰ ਆਪਣੇ ਕੌਮੀ ਪੱਧਰ ਦੇ ਆਗੂਆਂ ਨੂੰ ਸੂਬੇ ਦੀਆਂ ਚੋਣਾਂ ਲੜਨ ਲਈ ਭੇਜਦੀ ਰਹੀ ਹੈ।’’