ਪੰਜਾਬੀ ’ਵਰਸਿਟੀ ਵਿੱਚ ਧਰਨੇ ਲਾਉਣ ’ਤੇ ਪਾਬੰਦੀ
ਖੇਤਰੀ ਪ੍ਰਤੀਨਿਧ
ਪਟਿਆਲਾ, 4 ਜੂਨ
ਜ਼ਿਲ੍ਹਾ ਪਟਿਆਲਾ ਦੇ ਸਿਵਲ ਜੱਜ ਜੂਨੀਅਰ ਡਿਵੀਜ਼ਨ ਦੀ ਅਧੀਨਗੀ ਵਾਲੀ ਅਦਾਲਤ ਵੱਲੋਂ ਪੰਜਾਬੀ ਯੂਨੀਵਰਸਿਟੀ ਵਿੱਚ ਧਰਨਾ ਨਾ ਦੇਣ ਦੇ ਹੁਕਮ ਜਾਰੀ ਕੀਤੇ ਹਨ। ਦੱਸਣਯੋਗ ਹੈ ਕਿ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਸਮੇਤ ਹੋਰ ਮੰਗਾਂ ਦੀ ਪੂਰਤੀ ਲਈ ਯੂਨੀਵਰਸਿਟੀ ਦੇ ਫਿਕਸ ਤੇ ਦਿਹਾੜੀਦਾਰ ਸਫ਼ਾਈ ਸੇਵਕਾਂ, ਸੁਰੱਖਿਆ ਕਰਮਚਾਰੀਆਂ ਸਮੇਤ ਵੱਖ-ਵੱਖ ਕੈਟਾਗਿਰੀ ਦੇ ਕਰਮਚਾਰੀਆਂ ਨੇ ਪੱਕਾ ਮੋਰਚਾ ਲਾਇਆ ਹੋੋਇਆ ਹੈ ਜਿਸ ਦੌਰਾਨ ਭੁੱਖ ਹੜਤਾਲ ਵੀ ਜਾਰੀ ਹੈ। ਇਨ੍ਹਾਂ ਮੁਲਾਜ਼ਮਾਂ ਵੱਲੋਂ ਯੂਨੀਵਰਸਿਟੀ ’ਤੇ ਉਨ੍ਹਾਂ ਦੀਆਂ ਮੰਗਾਂ ਅਤੇ ਹੱਕਾਂ ਨੂੰ ਨਜ਼ਰ ਅੰਦਾਜ਼ ਕਰਨ ਦੇ ਦੋਸ਼ ਲਾਉਂਦਿਆਂ ਸ਼ੁਰੂ ਕੀਤੇ ਗਏ ਇਸ ਸੰਘਰਸ਼ ਕਾਰਨ ਸਾਫ਼-ਸਫ਼ਾਈ ਦਾ ਵੀ ਬਾਈਕਾਟ ਕੀਤਾ ਹੋਇਆ ਹੈ ਜਿਸ ਕਾਰਨ ਯੂਨੀਵਰਸਿਟੀ ਕੈਂਪਸ ’ਚ ਥਾਂ ਥਾਂ ਕੂੜਾ-ਕਰਕਟ ਦੇ ਢੇਰ ਲੱਗੇ ਹੋਏ ਹਨ। ਦਫ਼ਤਰਾਂ, ਬਾਥਰੂਮਾਂ ਅਤੇ ਵੱਖ-ਵੱਖ ਵਿਭਾਗਾਂ ’ਚ ਵੀ ਸਫ਼ਾਈ ਦਾ ਬੁਰਾ ਹਾਲ ਹੈ। ਅਜਿਹੇ ਗੰਭੀਰ ਹਾਲਾਤ ਦੇ ਮੱਦੇਨਜ਼ਰ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਅਦਾਲਤ ਦਾ ਦਰਵਾਜ਼ਾ ਖੜ੍ਹਕਾਇਆ ਗਿਆ। ਇਸ ’ਤੇ ਅਦਾਲਤ ਨੇ ਯੂਨੀਵਰਸਿਟੀ ਦੀ ਚਾਰਦੀਵਾਰੀ ਤੋਂ 300 ਮੀਟਰ ਦੇ ਬਾਹਰ ਤੱਕ ਕਿਸੇ ਵੀ ਧਰਨੇ, ਇਕੱਠ, ਮੀਟਿੰਗ, ਇਕੱਤਰਤਾ, ਪ੍ਰਦਰਸ਼ਨ ਤੇ ਘਿਰਾਓ ਆਦਿ ਗਤੀਵਿਧੀ ਦੀ ਮਨਾਹੀ ਕੀਤੀ ਹੈ।
ਇਹ ਜਾਣਕਾਰੀ ਪੰਜਾਬੀ ਯੂਨੀਵਰਸਿਟੀ ਦੇ ਇੱਕ ਅਧਿਕਾਰਤ ਬੁਲਾਰੇ ਨੇ ਮੀਡੀਆ ਨੂੰ ਜਾਰੀ ਲਿਖਤੀ ਬਿਆਨ ’ਚ ਦਿੱਤੀ ਹੈ। ਬੁਲਾਰੇ ਦਾ ਕਹਿਣਾ ਸੀ ਕਿ ਅਦਾਲਤੀ ਹੁਕਮਾਂ ਅਨੁਸਾਰ ਸਪੱਸ਼ਟ ਹੈ ਕਿ ਯੂਨੀਵਰਸਿਟੀ ਕੈਂਪਸ ਦੇ ਅੰਦਰ ਧਰਨਾ ਨਹੀਂ ਲਗਾਇਆ ਜਾ ਸਕਦਾ ਤੇ ਕਰਮਚਾਰੀ ਕਿਸੇ ਵੀ ਰੂਪ ਵਿੱਚ ਯੂਨੀਵਰਸਿਟੀ ਦੇ ਕੰਮ-ਕਾਜ ਨੂੰ ਪ੍ਰਭਾਵਿਤ ਨਹੀਂ ਕਰ ਸਕਦੇ। ਅਥਾਰਟੀ ਨੇ ਦੱਸਿਆ ਕਿ ਅਦਾਲਤ ਦੇ ਇਨ੍ਹਾਂ ਹੁਕਮਾਂ ਸਬੰਧੀ ਇਨ੍ਹਾਂ ਕਰਮਚਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ।