ਸੰਦੌੜ ਦੇ ਖਾਲਸਾ ਕਾਲਜ ’ਚ ਐੱਸਸੀ ਸਕਾਲਰਸ਼ਿਪ ਵਿੱਚ ਹੇਰਾਫੇਰੀ ਦਾ ਦੋਸ਼
ਪਰਮਜੀਤ ਸਿੰਘ ਕੁਠਾਲਾ
ਸੰਦੌੜ ਦੇ ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਵਿੱਚ ਐੱਸਸੀ ਵਿਦਿਆਰਥੀਆਂ ਦੇ ਲੱਖਾਂ ਰੁਪਏ ਦੀ ਵਜ਼ੀਫਾ ਰਾਸ਼ੀ ਦੇ ਕਥਿਤ ਘਪਲ਼ੇ ਦਾ ਮਾਮਲਾ ਪੰਜਾਬ ਐੱਸਸੀ ਕਮਿਸ਼ਨ ਅਤੇ ਐੱਸਐੱਸਪੀ ਮਾਲੇਰਕੋਟਲਾ ਦੀ ਪੜਤਾਲ ਤੋਂ ਬਾਅਦ ਹੁਣ ਡਿਪਟੀ ਕਮਿਸ਼ਨਰ ਕੋਲ ਪਹੁੰਚ ਗਿਆ ਹੈ। ਡੀਸੀ ਵੱਲੋਂ ਮਾਮਲੇ ਦੀ ਜਾਂਚ ਲਈ ਸਰਕਾਰੀ ਬੀਐੱਡ ਕਾਲਜ ਮਾਲੇਰਕੋਟਲਾ ਦੇ ਪ੍ਰਿੰਸੀਪਲ ਡਾ. ਇਰਫਾਨ ਫਾਰੂਕੀ ਦੀ ਅਗਵਾਈ ਹੇਠ ਕਾਇਮ ਚਾਰ ਮੈਂਬਰੀ ਪੜਤਾਲ ਕਮੇਟੀ ਨੇ ਸ਼ਿਕਾਇਤਕਰਤਾ ਅਤੇ ਕਾਲਜ ਪ੍ਰਬੰਧਕਾਂ ਨੂੰ ਬੁਲਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਮੁਤਾਬਿਕ ਖਾਲਸਾ ਕਾਲਜ ਸੰਦੌੜ ਦੇ ਮੁਅੱਤਲ ਦਰਜਾ ਚਾਰ ਕਰਮਚਾਰੀ ਹਾਕਮ ਸਿੰਘ ਨੇ ਪੰਜਾਬ ਰਾਜ ਐੱਸਸੀ ਕਮਿਸ਼ਨ ਦੇ ਚੇਅਰਮੈਨ ਅਤੇ ਵੱਖ ਵੱਖ ਅਧਿਕਾਰੀਆਂ ਨੂੰ ਸ਼ਿਕਾਇਤਾਂ ਭੇਜ ਕੇ ਦੋਸ਼ ਲਾਇਆ ਸੀ ਕਿ ਕਾਲਜ ਪ੍ਰਬੰਧਕਾਂ ਵੱਲੋਂ ਐੱਸਸੀ ਵਿਦਿਆਰਥੀਆਂ ਕੋਲੋਂ ਦਾਖਲੇ ਮੌਕੇ ਜਮ੍ਹਾਂ ਕਰਵਾਈ ਜਾਂਦੀ ਫੀਸ ਪੰਜਾਬ ਸਰਕਾਰ ਵੱਲੋਂ ਕਾਲਜ ਨੂੰ ਵਜ਼ੀਫਾ ਰਾਸ਼ੀ ਭੇਜਣ ਦੇ ਬਾਵਜੂਦ ਵਾਪਸ ਨਹੀਂ ਕੀਤੀ ਜਾਂਦੀ। ਸ਼ਿਕਾਇਤਕਰਤਾ ਮੁਤਾਬਕ ਐੱਸਸੀ ਵਿਦਿਆਰਥੀਆਂ ਕੋਲੋਂ ਪ੍ਰਾਪਤ ਫੀਸਾਂ ਅਤੇ ਸਰਕਾਰ ਵੱਲੋਂ ਭੇਜੀ ਵਜ਼ੀਫਾ ਰਾਸ਼ੀ ਸਬੰਧੀ ਉਸ ਵੱਲੋਂ ਸੂਚਨਾ ਅਧਿਕਾਰ ਕਾਨੂੰਨ ਤਹਿਤ ਮੰਗੀ ਜਾਣਕਾਰੀ ਵੀ ਕਾਲਜ ਪ੍ਰਬੰਧਕਾਂ ਨੇ ਮੁਹੱਈਆ ਨਹੀਂ ਕਰਵਾਈ।
ਸ਼ਿਕਾਇਤਕਰਤਾ ਹਾਕਮ ਸਿੰਘ ਅਤੇ ਇੰਟਰਨੈਸ਼ਨਲ ਸ਼ਹੀਦ ਸਿੰਘ ਸਮਾਜ ਭਲਾਈ ਟਰੱਸਟ ਦੇ ਪ੍ਰਧਾਨ ਜ਼ੋਰਾ ਸਿੰਘ ਚੀਮਾ ਨੇ ਅੱਜ ਇੱਥੇ ਸਰਕਾਰੀ ਕਾਲਜ ਵਿੱਚ ਜਾਂਚ ਕਮੇਟੀ ਸਾਹਮਣੇ ਬਿਆਨ ਦਰਜ ਕਰਵਾਉਣ ਮੌਕੇ ਦੱਸਿਆ ਕਿ ਐੱਸਸੀ ਕਮਿਸ਼ਨ ਵੱਲੋਂ ਐੱਸਐੱਸਪੀ ਮਾਲੇਰਕੋਟਲਾ ਰਾਹੀਂ ਬੇਸ਼ੱਕ ਇਸ ਮਾਮਲੇ ਦੀ ਜਾਂਚ ਕਰਵਾਈ ਗਈ ਹੈ ਪ੍ਰੰਤੂ ਇਸ ਜਾਂਚ ਵਿੱਚ ਡੀਐੱਸਪੀ ਮਾਲੇਰਕੋਟਲਾ ਵੱਲੋਂ ਵਿੱਤ ਵਿਭਾਗ ਦੇ ਇੰਟਰਨਲ ਆਡਿਟ ਰਾਹੀਂ ਜਾਂਚ ਕਰਵਾਉਣ ਦੀ ਸਿਫਾਰਸ਼ ਕਰਕੇ ਡੰਗ ਟਪਾਊ ਰਿਪੋਰਟ ਭੇਜ ਦਿੱਤੀ ਗਈ।
ਉਨ੍ਹਾਂ ਦੀ ਬੇਨਤੀ ’ਤੇ ਡੀਸੀ ਮਾਲੇਰਕੋਟਲਾ ਨੇ ਪ੍ਰਿੰਸੀਪਲ ਡਾ. ਇਰਫਾਨ ਫਾਰੂਕੀ ਦੀ ਅਗਵਾਈ ਹੇਠ ਪ੍ਰੋ. ਵਾਤਿਸ਼, ਪ੍ਰੋ. ਅਰਵਿੰਦ ਮੰਡ ਅਤੇ ਪ੍ਰੋ. ਸੁਰਿੰਦਰ ਸਿੰਘ ਅਮਰਗੜ੍ਹ ’ਤੇ ਆਧਾਰਿਤ ਚਾਰ ਮੈਂਬਰੀ ਪੜਤਾਲ ਕਮੇਟੀ ਕਾਇਮ ਕਰ ਦਿੱਤੀ ਗਈ ਹੈ।
ਜਾਂਚ ਕਮੇਟੀ ਅੱਗੇ ਛੇਤੀ ਪੇਸ਼ ਕਰਾਂਗੇ ਰਿਕਾਰਡ: ਪ੍ਰਿੰਸੀਪਲ
ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਸੰਦੌੜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਕਪਿਲ ਦੇਵ ਗੋਇਲ ਨੇ ਸਪੱਸ਼ਟ ਕੀਤਾ ਕਿ ਕਾਲਜ ਵੱਲ ਕਿਸੇ ਵੀ ਵਿਦਿਆਰਥੀ ਦਾ ਕੋਈ ਬਕਾਇਆ ਨਹੀਂ ਹੈ। ਕਾਲਜ ਖਾਤਿਆਂ ਦਾ ਵਿੱਤ ਵਿਭਾਗ ਵੱਲੋਂ ਇੰਟਰਨਲ ਆਡਿਟ ਕੀਤਾ ਜਾਂਦਾ ਹੈ। ਫਿਰ ਵੀ ਜੇ ਕਿਸੇ ਵਿਦਿਆਰਥੀ ਦਾ ਕੋਈ ਬਕਾਇਆ ਕਾਲਜ ਵੱਲ ਹੋਵੇ ਤਾਂ ਉਹ ਕਾਲਜ ਪਹੁੰਚ ਕੇ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪਹਿਲਾਂ ਡੀਐੱਸਪੀ ਮਾਲੇਰਕੋਟਲਾ ਵੱਲੋਂ ਕੀਤੀ ਜਾਂਚ ਵਿੱਚ ਕੋਈ ਖਾਮੀ ਸਾਹਮਣੇ ਨਹੀਂ ਆਈ ਅਤੇ ਹੁਣ ਡੀਸੀ ਵੱਲੋਂ ਬਣਾਈ ਜਾਂਚ ਕਮੇਟੀ ਸਾਹਮਣੇ ਵੀ ਸਾਰਾ ਰਿਕਾਰਡ ਰੱਖਿਆ ਜਾਵੇਗਾ।