ਆਸਥਾ ਪੂਨੀਆ ਭਾਰਤੀ ਜਲ ਸੈਨਾ ਦੀ ਪਹਿਲੀ ਮਹਿਲਾ ਫਾਈਟਰ ਪਾਇਲਟ ਬਣੀ
ਅਜੈ ਬੈਨਰਜੀ/ਏਐੱਨਆਈ
ਨਵੀਂ ਦਿੱਲੀ/ਵਿਸ਼ਾਖਾਪਟਨਮ, 4 ਜੁਲਾਈ
ਸਬ-ਲੈਫਟੀਨੈਂਟ ਆਸਥਾ ਪੂਨੀਆ ਅਧਿਕਾਰਤ ਤੌਰ ’ਤੇ ਜਲ ਸੈਨਾ ਹਵਾਬਾਜ਼ੀ ਦੀ ਲੜਾਕੂ ਬ੍ਰਾਂਚ ’ਚ ਸ਼ਾਮਲ ਹੋਣ ਵਾਲੀ ਪਹਿਲੀ ਮਹਿਲਾ ਬਣ ਗਈ ਹੈ। ਬਲ ’ਚ ਮਹਿਲਾ ਲੜਾਕੂ ਪਾਇਲਟਾਂ ਦੇ ਨਵੇਂ ਦੌਰ ਦਾ ਰਾਹ ਖੋਲ੍ਹਦਿਆਂ ਤੇ ਅੜਿੱਕੇ ਦੂਰ ਕਰਦਿਆਂ ਪੂਨੀਆ ਨੂੰ ਜਲ ਸੈਨਾ ਸਟਾਫ ਦੇ ਸਹਾਇਕ ਮੁਖੀ ਰੀਅਰ ਐਡਮਿਰਲ ਜਨਕ ਬੇਵਲੀ ਤੋਂ ਵੱਕਾਰੀ ‘ਵਿੰਗਜ਼ ਆਫ ਗੋਲਡ’ ਵੀ ਮਿਲਿਆ।
ਰੱਖਿਆ ਮੰਤਰਾਲੇ ਅਨੁਸਾਰ ਭਾਰਤੀ ਜਲ ਸੈਨਾ ਨੇ ਵਿਸ਼ਾਖਾਪਟਨਮ ’ਚ ਜਲ ਸੈਨਾ ਦੇ ਹਵਾਈ ਸਟੇਸ਼ਨ ਆਈਐੱਨਐੱਸ ਡੇਗਾ ’ਚ ਦੂਜੇ ਬੇਸਿਕ ‘ਹਾਕ ਕਨਵਰਜ਼ਨ ਕੋਰਸ’ ਦੀ ਸਮਾਪਤੀ ਦਾ ਜਸ਼ਨ ਮਨਾਇਆ। ਲੈਫਟੀਨੈਂਟ ਅਤੁਲ ਕੁਮਾਰ ਢੁੱਲ ਤੇ ਸਬ-ਲੈਫਟੀਨੈਂਟ ਆਸਥਾ ਪੂਨੀਆ ਨੇ 3 ਜੁਲਾਈ ਨੂੰ ਰੀਅਰ ਐਡਮਿਰਲ ਜਨਕ ਬੇਵਲੀ, ਏਸੀਐੱਨਐੱਸ (ਏਅਰ) ਤੋਂ ਵੱਕਾਰੀ ‘ਵਿੰਗਜ਼ ਆਫ ਗੋਲਡ’ ਪ੍ਰਾਪਤ ਕੀਤਾ। ਭਾਰਤੀ ਜਲ ਸੈਨਾ ਨੇ ਪਹਿਲਾਂ ਹੀ ਜਲ ਸੈਨਾ ਦੇ ਹਵਾਈ ਜਹਾਜ਼ਾਂ ਤੇ ਹੈਲੀਕਾਪਟਰਾਂ ’ਚ ਪਾਇਲਟਾਂ ਅਤੇ ਜਲ ਸੈਨਾ ਦੀ ਹਵਾਈ ਮੁਹਿੰਮਾਂ ਦੇ ਅਧਿਕਾਰੀਆਂ ਵਜੋਂ ਮਹਿਲਾ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਹੈ। ਜਲ ਸੈਨਾ ਨੇ ਕਿਹਾ ਕਿ ਲੜਾਕੂ ਬ੍ਰਾਂਚ ’ਚ ਸਬ-ਲੈਫਟੀਨੈਂਟ ਆਸਥਾ ਪੂਨੀਆ ਦੀ ਨਿਯੁਕਤੀ ਜਲ ਸੈਨਾ ਦੇ ਹਵਾਈ ਵਿੰਗ ’ਚ ਲਿੰਗ ਆਧਾਰਿਤ ਬਰਾਬਰੀ ਤੇ ਮਹਿਲਾ ਸ਼ਕਤੀ ਨੂੰ ਉਤਸ਼ਾਹਿਤ ਕਰਨ ਅਤੇ ਬਰਾਬਰੀ ਤੇ ਮੌਕਿਆਂ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ’ਚ ਭਾਰਤੀ ਜਲ ਸੈਨਾ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ।