ਕਰਮਜੀਤ ਸਿੰਘ ਚਿੱਲਾ/ਚਰਨਜੀਤ ਚੰਨੀ
ਐੱਸ.ਏ.ਐੱਸ.ਨਗਰ(ਮੁਹਾਲੀ)/ਮੁੱਲਾਂਪੁਰ ਗਰੀਬਦਾਸ, 12 ਜੁਲਾਈ
ਨਿਊ ਚੰਡੀਗੜ੍ਹ ਦੇ ਪੀਸੀਏ ਸਟੇਡੀਅਮ ਵਿੱਚ ਅੱਜ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਦੀ ਚੋਣ ਵਿੱਚ ਅਮਰਜੀਤ ਸਿੰਘ ਮਹਿਤਾ ਲਗਾਤਾਰ ਦੂਜੀ ਵਾਰ ਪ੍ਰਧਾਨ ਚੁਣੇ ਗਏ ਹਨ। ਇਸੇ ਤਰ੍ਹਾਂ ਮੁਹਾਲੀ ਹਲਕੇ ਦੇ ਵਿਧਾਇਕ ਕੁਲਵੰਤ ਸਿੰਘ ਪੀਸੀਏ ਦੇ ਸਕੱਤਰ, ਦੀਪਕ ਬਾਲੀ ਮੀਤ ਪ੍ਰਧਾਨ, ਸੁਨੀਲ ਗੁਪਤਾ ਖਜ਼ਾਨਚੀ ਅਤੇ ਸਿਧਾਂਤ ਸ਼ਰਮਾ ਜੁਆਇੰਟ ਸਕੱਤਰ ਚੁਣੇ ਗਏ। ਸਾਰੀ ਚੋਣ ਸਾਬਕਾ ਆਈਏਐੱਸ ਅਧਿਕਾਰੀ ਰਾਜੀਵ ਸ਼ਰਮਾ ਦੀ ਨਿਗਰਾਨੀ ਹੇਠ ਨੇਪਰੇ ਚੜ੍ਹੀ ਅਤੇ ਸਾਰੇ ਅਹੁਦੇਦਾਰ ਨਿਰਵਿਰੋਧ ਚੁਣੇ ਗਏ।
ਇਸੇੇ ਤਰ੍ਹਾਂ ਅਰਮਿੰਦਰ ਸਿੰਘ, ਰਜਤ ਭਾਰਦਵਾਜ, ਚੰਚਲ ਕੁਮਾਰ ਸਿੰਗਲਾ, ਅਮਿਤ ਬਜਾਜ, ਬੀਰਦਵਿੰਦਰ ਸਿੰਘ ਨੱਤ, ਪ੍ਰਭਬੀਰ ਸਿੰਘ ਬਰਾੜ, ਗੌਰਵਦੀਪ ਸਿੰਘ ਧਾਲੀਵਾਲ ਕਮਲ ਕੁਮਾਰ ਅਰੋੜਾ, ਅਮਰਿੰਦਰ ਵੀਰ ਸਿੰਘ ਬਰਸਟ, ਸਾਹਿਬਜੀਤ ਸਿੰਘ ਅਤੇ ਵਿਕਰਮ ਕੁਮਾਰ ਮੈਂਬਰ ਚੁਣੇ ਗਏ। ਚੁਣੇ ਗਏ ਅਹੁਦੇਦਾਰਾਂ ਅਤੇ ਮੈਂਬਰਾਂ ’ਚੋਂ ਬਹੁਗਿਣਤੀ ਸੱਤਾਧਾਰੀ ‘ਆਪ’ ਨਾਲ ਸਬੰਧਤ ਹਨ। ਦੂਜੀ ਵਾਰ ਪ੍ਰਧਾਨ ਚੁਣੇ ਗਏ ਅਮਰਜੀਤ ਸਿੰਘ ਮਹਿਤਾ ਨੇ ਦੱਸਿਆ ਕਿ ਜਨਰਲ ਬਾਡੀ ਵੱਲੋਂ 2025-2026 ਸੀਜ਼ਨ ਲਈ ਸ਼ੇਰ-ਏ-ਪੰਜਾਬ ਟੂਰਨਾਮੈਂਟ ਕਰਵਾਉਣ ਸਮੇਤ ਸਾਰੇ ਏਜੰਡਿਆਂ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ।
ਜਲੰਧਰ ਤੇ ਅੰਮ੍ਰਿਤਸਰ ’ਚ ਬਣਨਗੇ ਕੌਮਾਂਤਰੀ ਕ੍ਰਿਕਟ ਸਟੇਡੀਅਮ: ਮਾਨ
ਚੰਡੀਗੜ੍ਹ (ਟਨਸ): ਪੀਸੀਏ ਦੇ ਨਵੇਂ ਅਹੁਦੇਦਾਰਾਂ ਨੇ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮਾਨ ਨੇ ਜਲੰਧਰ ਅਤੇ ਅੰਮ੍ਰਿਤਸਰ ਵਿੱਚ ਵੀ ਕੌਮਾਂਤਰੀ ਕ੍ਰਿਕਟ ਸਟੇਡਅਮ ਬਣਾਉਣ ਦਾ ਐਲਾਨ ਕੀਤਾ। ਉਨ੍ਹਾਂ ਸ਼ੇਰ-ਏ-ਪੰਜਾਬ ਕ੍ਰਿਕਟ ਲੀਗ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਪਿੰਡ, ਬਲਾਕ, ਜ਼ਿਲ੍ਹਾ ਅਤੇ ਰਾਜ ਪੱਧਰ ’ਤੇ ਹੋਰ ਟੂਰਨਾਮੈਂਟ ਵੀ ਕਰਵਾਉਣੇ ਚਾਹੀਦੇ ਹਨ।