1-ਅਮਰੀਕਾ ਨਾਲ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੀ ਕੋਸ਼ਿਸ਼ ਕਰ ਰਿਹੈ ਭਾਰਤ
ਨਵੀਂ ਦਿੱਲੀ, 10 ਜੁਲਾਈ
ਵਣਜ ਵਿਭਾਗ ’ਚ ਵਿਸ਼ੇਸ਼ ਸਕੱਤਰ ਰਾਜੇਸ਼ ਅਗਰਵਾਲ ਨੇ ਅੱਜ ਕਿਹਾ ਕਿ ਭਾਰਤ, ਅਮਰੀਕਾ ਨਾਲ ਇੱਕ ਵਪਾਰ ਸਮਝੌਤੇ ਬਾਰੇ ਗੱਲਬਾਤ ਤੇ ਉਸ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਗਰਵਾਲ ਇਸ ਤਜਵੀਜ਼ ਕੀਤੇ ਗਏ ਭਾਰਤ-ਅਮਰੀਕਾ ਦੁਵੱਲੇ ਵਪਾਰ ਸਮਝੌਤੇ ਦੇ ਮੁੱਖ ਵਾਰਤਾਕਾਰ ਵੀ ਹਨ। ਇਸ ਸਮਝੌਤੇ ਦੇ ਪਹਿਲੇ ਗੇੜ ਨੂੰ ਇਸ ਸਾਲ ਸਤੰਬਰ-ਅਕਤੂਬਰ ਤੱਕ ਮੁਕੰਮਲ ਕਰਨ ਦਾ ਟੀਚਾ ਹੈ। ਇਸ ਤੋਂ ਪਹਿਲਾਂ ਦੋਵੇਂ ਮੁਲਕ ਅੰਤਰਿਮ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।
ਅਗਰਵਾਲ ਨੇ ਕਿਹਾ ਕਿ ਭਾਰਤ ਨੇ ਹੁਣ ਤੱਕ 26 ਮੁਲਕਾਂ ਨਾਲ 14 ਤੋਂ ਵੱਧ ਮੁਕਤ ਵਪਾਰ ਸਮਝੌਤੇ (ਐੱਫਟੀਏ) ਲਾਗੂ ਕੀਤੇ ਹਨ। ਉਨ੍ਹਾਂ ਇੱਥੇ ‘ਐਕਸਪੋਰਟ ਲੌਜਿਸਟਿਕ’ ਬਾਰੇ ਕਰਵਾਏ ਗਏ ਸਮਾਗਮ ’ਚ ਕਿਹਾ, ‘ਹੁਣ ਅਸੀਂ ਪ੍ਰਮੁੱਖ ਬਾਜ਼ਾਰਾਂ ਨਾਲ ਜੁੜ ਰਹੇ ਹਾਂ। ਅਸੀਂ ਹਾਲ ਹੀ ਵਿੱਚ ਬਰਤਾਨੀਆ ਨਾਲ ਸਮਝੌਤਾ ਕੀਤਾ ਹੈ। ਅਸੀਂ ਯੂਰਪੀ ਯੂਨੀਅਨ ਨਾਲ ਗੱਲਬਾਤ ਦੇ ਅਗਲੇ ਗੇੜ ’ਚ ਹਾਂ। ਅਸੀਂ ਅਮਰੀਕਾ ਨਾਲ ਵੀ ਸਮਝੌਤੇ ਬਾਰੇ ਗੱਲਬਾਤ ਕਰਕੇ ਉਸ ਨੂੰ ਅੰਤਿਮ ਰੂਪ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ।’ ਉਨ੍ਹਾਂ ਕਿਹਾ ਕਿ ਭਾਰਤ, ਚਿਲੀ ਤੇ ਪੇਰੂ ਸਮੇਤ ਲਾਤੀਨੀ ਅਮਰੀਕੀ ਦੇਸ਼ਾਂ ਨਾਲ ਵੀ ਵਪਾਰ ਸਮਝੌਤਿਆਂ ਬਾਰੇ ਗੱਲਬਾਤ ਕਰ ਰਿਹਾ ਹੈ। ਅਗਰਵਾਲ ਨੇ ਕਿਹਾ, ‘ਅਸੀਂ ਆਸਟਰੇਲੀਆ ਤੇ ਸੰਯੁਕਤ ਅਰਬ ਅਮੀਰਾਤ ਨਾਲ ਵਪਾਰ ਸਮਝੌਤਾ ਕੀਤਾ ਹੈ। ਅਸੀਂ ਨਿਊਜ਼ੀਲੈਂਡ ਨਾਲ ਗੱਲਬਾਤ ਕਰ ਰਹੇ ਹਾਂ। ਅਸੀਂ ਪ੍ਰਮੁੱਖ ਵਪਾਰਕ ਭਾਈਵਾਲਾਂ ਤੇ ਪ੍ਰਮੁੱਖ ਅਰਥਚਾਰਿਆਂ ਨਾਲ ਵਿਆਪਕ ਪੱਧਰ ’ਤੇ ਜੁੜ ਰਹੇ ਹਾਂ।’ ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਭਾਰਤ ’ਚ ਸਨਅਤਾਂ ਲਈ ਢੋਆ-ਢੁਆਈ ਦੀ ਲਾਗਤ ਘੱਟ ਕਰਨ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ’ਚ ਬਰਾਮਦ ਤੇ ਦਰਾਮਦ 1150 ਅਰਬ ਅਮਰੀਕੀ ਡਾਲਰ ਨੂੰ ਪਾਰ ਕਰ ਗਈ ਹੈ, ਇਸ ਲਈ ‘ਢੋਆ-ਢੁਆਈ ਅਹਿਮ ਖੇਤਰ ਹੈ।’ -ਪੀਟੀਆਈ
ਭਾਰਤ ਨੇ ਅਮਰੀਕਾ ’ਤੇ ਜਵਾਬੀ ਟੈਕਸ ਦੀ ਤਜਵੀਜ਼ ਸੋਧੀ
ਨਵੀਂ ਦਿੱਲੀ, 10 ਜੁਲਾਈ
ਭਾਰਤ ਨੇ ਸਟੀਲ ਤੇ ਐਲੂਮੀਨੀਅਮ ’ਤੇ ਅਮਰੀਕੀ ਟੈਕਸ ਨੂੰ ਲੈ ਕੇ ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ) ਦੇ ਪੈਮਾਨਿਆਂ ਤਹਿਤ ਅਮਰੀਕਾ ’ਤੇ ਜਵਾਬੀ ਟੈਕਸ ਲਾਉਣ ਦੇ ਆਪਣੇ ਮਤੇ ’ਚ ਸੋਧ ਕੀਤੀ ਹੈ। ਅਮਰੀਕੀ ਸਰਕਾਰ ਦੇ ਟੈਕਸ ’ਚ ਹੋਰ ਵਾਧੇ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਗਿਆ ਹੈ।
ਅਮਰੀਕਾ ਨੇ ਪਹਿਲੀ ਵਾਰ 12 ਮਾਰਚ ਨੂੰ ਐਲੂਮੀਨੀਅਮ, ਸਟੀਲ ਤੇ ਉਸ ਤੋਂ ਤਿਆਰ ਵਸਤਾਂ ਦੀ ਦਰਾਮਦ ’ਤੇ 25 ਫੀਸਦ ਟੈਕਸ ਲਾਇਆ ਸੀ। ਫਿਰ ਤਿੰਨ ਜੂਨ ਨੂੰ ਟੈਕਸ ਵਧਾ ਕੇ 50 ਫੀਸਦ ਕਰ ਦਿੱਤਾ ਗਿਆ। ਡਬਲਿਊਟੀਓ ਨੇ ਬੀਤੇ ਦਿਨ ਕਿਹਾ, ‘ਵਸਤੂ ਵਪਾਰ ਪਰਿਸ਼ਦ ਤੇ ਸੁਰੱਖਿਆ ਬਾਰੇ ਕਮੇਟੀ ਨੂੰ 12 ਮਈ ਨੂੰ ਦਿੱਤੇ ਗਏ ਆਪਣੇ ਅਗਾਊਂ ਨੋਟੀਫਿਕੇਸ਼ਨ ਨਾਲ ਭਾਰਤ ਉਤਪਾਦਾਂ ਤੇ ਟੈਕਸ ਦਰਾਂ ਨੂੰ ਨਿਰਧਾਰਤ ਕਰਨ ਦਾ ਅਧਿਕਾਰ ਰਾਖਵਾਂ ਰੱਖਦਾ ਹੈ। ਇਹ ਮੰਗ ਅਮਰੀਕਾ ਵੱਲੋਂ ਟੈਕਸ ਦਰ 25 ਫੀਸਦ ਤੋਂ ਵਧਾ ਕੇ 50 ਫੀਸਦ ਕਰਨ ਦੇ ਜਵਾਬ ’ਚ ਕੀਤੀ ਗਈ ਹੈ।’ ਇਹ ਪੱਤਰ ਭਾਰਤ ਦੀ ਮੰਗ ’ਤੇ ਡਬਲਿਊਟੀਓ ਦੇ ਮੈਂਬਰ ਮੁਲਕਾਂ ਨੂੰ ਦਿੱਤਾ ਗਿਆ ਹੈ। ਇਸ ’ਚ ਕਿਹਾ ਗਿਆ ਹੈ, ‘ਇਹਤਿਆਤੀ ਉਪਾਵਾਂ ਨਾਲ ਭਾਰਤੀ ਉਤਪਾਦਾਂ ਦੀ ਅਮਰੀਕਾ ’ਚ 7.6 ਅਰਬ ਡਾਲਰ ਦੀ ਦਰਾਮਦ ਪ੍ਰਭਾਵਿਤ ਹੋਵੇਗੀ। ਇਸ ’ਤੇ ਟੈਕਸ ਮਾਲੀਆ 3.82 ਅਰਬ ਅਮਰੀਕੀ ਡਾਲਰ ਹੋਵੇਗਾ।’ ਇਸ ਨੂੰ ਧਿਆਨ ’ਚ ਰੱਖਦਿਆਂ ਭਾਰਤ ਵੱਲੋਂ ਤਜਵੀਜ਼ ਕੀਤੀਆਂ ਰਿਆਇਤਾਂ ਦੀ ਮੁਅੱਤਲੀ ਦੇ ਨਤੀਜੇ ਵਜੋਂ ਅਮਰੀਕੀ ਵਸਤਾਂ ’ਤੇ ਵੀ ਓਨੀ ਹੀ ਰਾਸ਼ੀ ਦਾ ਟੈਕਸ ਵਸੂਲਿਆ ਜਾਵੇਗਾ। ਇਸ ਤੋਂ ਪਹਿਲਾਂ 12 ਮਈ ਦੇ ਪੱਤਰ ’ਚ ਟੈਕਸ ਮਾਲੀਏ ਦਾ ਅੰਕੜਾ 1.91 ਅਰਬ ਡਾਲਰ ਦੱਸਿਆ ਗਿਆ ਸੀ। ਡੋਨਲਡ ਟਰੰਪ ਪ੍ਰਸ਼ਾਸਨ ਨੇ 2018 ’ਚ ਕੌਮੀ ਸੁਰੱਖਿਆ ਦੇ ਆਧਾਰ ’ਤੇ ਕੁਝ ਸਟੀਲ ਦੀਆਂ ਵਸਤਾਂ ’ਤੇ 25 ਫੀਸਦ ਤੇ ਐਲੂਮੀਨੀਅਮ ਦੇ ਉਤਪਾਦਾਂ ’ਤੇ 10 ਫੀਸਦ ਟੈਕਸ ਲਾਇਆ ਸੀ। -ਪੀਟੀਆਈ