ਮਾਲਵੀਆ ਮਿਸ਼ਨ ਟੀਚਰ ਟਰੇਨਿੰਗ ਸੈਂਟਰ ਵਿੱਚ ਦੋ ਨਵੇਂ ਕੋਰਸ ਸ਼ੁਰੂ
ਪੱਤਰ ਪ੍ਰੇਰਕ
ਪਟਿਆਲਾ, 9 ਜੁਲਾਈ
ਪੰਜਾਬੀ ਯੂਨੀਵਰਸਿਟੀ ਦੇ ਮਾਲਵੀਆ ਮਿਸ਼ਨ ਟੀਚਰ ਟਰੇਨਿੰਗ ਸੈਂਟਰ ਵਿੱਚ ਅੱਜ ਦੋ ਅਕਾਦਮਿਕ ਪ੍ਰੋਗਰਾਮ ਸ਼ੁਰੂ ਹੋਏ ਹਨ। ਸੈਂਟਰ ਦੇ ਡਾਇਰੈਕਟਰ ਪ੍ਰੋ. ਰਮਨ ਮੈਣੀ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਇੱਕ ਸੋਸ਼ਲ ਸਾਇੰਸਿਜ਼ ਵਿਸ਼ੇ ਵਿੱਚ ਰਿਫ਼ਰੈਸ਼ਰ ਕੋਰਸ ਹੈ ਅਤੇ ਦੂਜਾ ਕੌਮੀ ਸਿੱਖਿਆ ਨੀਤੀ ਬਾਰੇ ਸ਼ਾਰਟ ਟਰਮ ਕੋਰਸ ਹੈ। ਉਪ ਕੁਲਪਤੀ ਡਾ. ਜਗਦੀਪ ਸਿੰਘ ਨੇ ਆਨਲਾਈਨ ਵਿਧੀ ਰਾਹੀਂ ਹੋਏ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਦੋਵੇਂ ਅਕਾਦਮਿਕ ਕੋਰਸ ਸ਼ੁਰੂ ਕਰਵਾਉਣ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਗਿਆਨ ਦੇ ਨਵੇਂ ਰੁਝਾਨਾਂ ਨਾਲ ਦਾ ਹਾਣੀ ਬਣਨਾ ਚਾਹੀਦਾ ਹੈ। ਰਿਫ਼ਰੈਸ਼ਰ ਕੋਰਸ ਦੇ ਕੋਆਰਡੀਨੇਟਰ ਡਾ. ਡੀਪੀ ਸਿੰਘ ਨੇ ਕੋਰਸ ਦੇ ਵਿਸ਼ੇ ਸਬੰਧੀ ਹਵਾਲੇ ਨਾਲ ਗੱਲ ਕੀਤੀ। ਉਨ੍ਹਾਂ ਭਾਗ ਲੈ ਰਹੇ ਅਧਿਆਪਕਾਂ ਨੂੰ ਦਿਲਚਸਪੀ ਸਹਿਤ ਸਾਰੀਆਂ ਸਰਗਰਮੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਆ। ਕੌਮੀ ਸਿੱਖਿਆ ਨੀਤੀ ਬਾਰੇ ਸ਼ਾਰਟ ਟਰਮ ਕੋਰਸ ਦੇ ਕੋਆਰਡੀਨੇਟਰ ਪ੍ਰੋ. ਹਿਮੇਂਦਰ ਭਾਰਤੀ ਨੇ ਇਸ ਕੋਰਸ ਦੀ ਮਹੱਤਤਾ ਬਾਰੇ ਗੱਲ ਕੀਤੀ।