ਸੁਭਾਸ਼ ਚੰਦਰ
ਸਮਾਣਾ, 6 ਜੁਲਾਈ
ਪਿਛਲੇ ਕਈ ਦਿਨਾਂ ਤੋਂ ਸਮਾਣਾ ਸ਼ਹਿਰ ਦੀ ਮੇਨ ਸੀਵਰੇਜ ਲਾਈਨ ਬੰਦ ਹੋਣ ਕਾਰਨ ਗੰਦਾ ਪਾਣੀ ਕਈ ਮੁਹੱਲਿਆਂ ਵਿੱਚੋਂ ਬਾਹਰ ਨਿਕਲ ਕੇ ਗਲੀਆਂ ਵਿੱਚ ਫੈਲ ਰਿਹਾ ਹੈ ਜਿਸ ਕਾਰਨ ਗਲੀ-ਮੁਹੱਲੇ ਦੇ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ, ਪ੍ਰਸ਼ਾਸਨਿਕ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਪਏ ਹਨ।
ਇਸ ਮੌਕੇ ਮਲਕਾਨਾ ਪੱਤੀ, ਅਮਾਮਗੜ੍ਹ ਦੇ ਓਮ ਪ੍ਰਕਾਸ਼, ਅਜੇ ਕੁਮਾਰ ਤੇ ਪ੍ਰਦੀਪ ਕੁਮਾਰ ਆਦਿ ਨੇ ਦੱਸਿਆ ਕਿ ਸੀਵਰੇਜ ਸਿਸਟਮ ਪੂਰੀ ਤਰ੍ਹਾਂ ਜਾਮ ਹੋਣ ਕਾਰਨ ਗੰਦੇ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ, ਜਿਸ ਕਰਕੇ ਗਲੀਆਂ ਵਿੱਚ ਖੜ੍ਹੇ ਗੰਦੇ ਪਾਣੀ ’ਚੋਂ ਬਦਬੂ ਮਾਰ ਰਹੀ ਹੈ। ਗੰਦੇ ਪਾਣੀ ’ਚ ਮੱਖੀਆਂ-ਮੱਛਰ ਪੈਦਾ ਹੋ ਕੇ ਨਾਮੁਰਾਦ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਕਈ ਵਾਰ ਨਗਰ ਕੌਂਸਲ ਵਿੱਚ ਆਪਣੀ ਸ਼ਿਕਾਇਤ ਅਧਿਕਾਰੀਆਂ ਨੂੰ ਦਰਜ ਕਰਵਾ ਕੇ ਜਾਣੂ ਕਰਵਾ ਚੁੱਕੇ ਹਨ, ਪਰ ਅਧਿਕਾਰੀਆਂ ਵੱਲੋਂ ਛੋਟੇ ਕਰਮਚਾਰੀਆਂ ਨੂੰ ਮੌਕੇ ’ਤੇ ਭੇਜਣ ਤੋਂ ਬਿਨਾਂ ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਸਥਾਈ ਹੱਲ ਨਹੀਂ ਕੀਤਾ ਗਿਆ। ਸ਼ਹਿਰ ਦੀਆਂ ਵੱਖ-ਵੱਖ ਕਲੋਨੀਆਂ ਦੀ ਵਸਨੀਕਾਂ ਨੇ ਬਰਸਾਤੀ ਮੌਸਮ ਹੋਣ ਕਾਰਨ ਜਾਮ ਸੀਵਰੇਜ ਸਿਸਟਮ ਨੂੰ ਜਲਦੀ ਖੋਲ੍ਹਣ ਦੀ ਮੰਗ ਕੀਤੀ ਹੈ।
ਨਵਾਂ ਮੈਨ ਸੀਵਰ ਹੋਲ ਬਣਾ ਕੇ ਲਾਈਨ ਸ਼ਿਫਟ ਕੀਤੀ ਜਾ ਰਹੀ ਹੈ: ਈਓ
ਕਾਰਜ ਸਾਧਕ ਅਫ਼ਸਰ ਬਰਜਿੰਦਰ ਸਿੰਘ ਨੇ ਦੱਸਿਆ ਕਿ ਛੇ ਦਿਨਾਂ ਤੋਂ ਬੰਦ ਸ਼ਹਿਰ ਦੇ ਸੀਵਰੇਜ ਸਿਸਟਮ ਨੂੰ ਖੋਲ੍ਹਣ ਲਈ ਕੰਮ ਚੱਲ ਰਿਹਾ ਹੈ, ਪਰ ਕਿਸੇ ਸ਼ਰਾਰਤੀ ਅਨਸਰ ਵੱਲੋਂ ਸੀਵਰੇਜ ਦੇ ਮੈਨ ਹੋਲ ਵਿੱਚ ਪਲਾਸਟਿਕ ਦੇ ਥੈਲੇ ਕਬਾੜ ਨਾਲ ਭਰ ਕੇ ਸੁੱਟੇ ਜਾਣ ਕਾਰਨ ਸੀਵਰ ਲਾਈਨ ਬਿਲਕੁਲ ਬੰਦ ਹੋਈ ਪਈ ਹੈ। ਇਸ ਲਾਈਨ ਨੂੰ ਖੋਲ੍ਹਣ ਲਈ ਹੋਰ ਕਮੇਟੀਆਂ ਤੋਂ ਮਸ਼ੀਨਾਂ ਲਿਆ ਕੇ ਖੋਲ੍ਹਣ ਦੀ ਕੋਸ਼ਿਸ਼ ਕਰਨ ਦੇ ਬਾਵਜੂਦ ਇਹ ਨਹੀਂ ਖੁੱਲ੍ਹੀ। ਨਵਾਂ ਮੈਨ ਸੀਵਰ ਹੋਲ ਬਣਾ ਕੇ ਲਾਈਨ ਸ਼ਿਫਟ ਕੀਤੀ ਜਾ ਰਹੀ ਹੈ ਜਿਸ ਨੂੰ ਅਗਲੇ ਦੋ ਤਿੰਨ ਦਿਨਾਂ ਵਿੱਚ ਆਮ ਵਾਂਗ ਚਾਲੂ ਕਰ ਦਿੱਤਾ ਜਾਵੇਗਾ।