ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਸਮਾਣਾ, 19 ਜੂਨ
ਪ੍ਰਸ਼ਾਸਨ ਅਤੇ ਪੁਲੀਸ ਵੱਲੋਂ ਸਾਂਝੇ ਤੌਰ ’ਤੇ ਸਥਾਨਕ ਬਾਬਾ ਬੰਦਾ ਸਿੰਘ ਬਹਾਦਰ ਚੌਕ ਵਿੱਚ ਨਾਕਾ ਲਾ ਕੇ ਬਿਨਾਂ ਮਨਜ਼ੂਰੀ ਤੇ ਪੂਰੇ ਕਾਗਜ਼ਾਤ ਦੇ ਚੱਲ ਰਹੇ ਤੇ ਟਰੈਫਿਕ ਨਿਯਮਾਂ ਦੀ ਕਿਸੇ ਵੀ ਢੰਗ ਨਾਲ ਉਲੰਘਣਾ ਕਰਨ ਵਾਲੇ ਹੈਵੀ ਵਾਹਨਾਂ ਦੇ ਚਲਾਨ ਕੱਟੇ ਗਏ। ਇਸੇ ਲੜੀ ਤਹਿਤ ਬਿਨਾਂ ਮਾਈਨਿੰਗ ਵਿਭਾਗ ਦੀ ਕਿਸੇ ਮਨਜ਼ੂਰੀ ਤੋਂ ਨਾਜਾਇਜ਼ ਤੌਰ ’ਤੇ ਚੱਲ ਰਹੇ ਦੋ ਓਵਰਲੋਡ ਟਿੱਪਰਾਂ ਦੇ 2-2 ਲੱਖ ਰੁਪਏ ਦੇ ਚਲਾਨ ਕੱਟੇ ਗਏ ਜਦੋਂਕਿ ਬਿਨਾਂ ਕਾਗਜ਼ਾਤ ਤੋਂ ਚੱਲ ਰਹੇ ਟਿੱਪਰ ਨੂੰ ਬੌਂਡ ਕੀਤਾ ਗਿਆ।
ਐੱਸਡੀਐੱਮ ਸਮਾਣਾ ਰਿਚਾ ਗੋਇਲ ਅਤੇ ਡੀਐੱਸਪੀ ਫ਼ਤਿਹ ਸਿੰਘ ਬਰਾੜ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਤਹਿਤ ਅੱਜ ਇਹ ਨਾਕਾ ਲਾ ਕੇ ਚੈਕਿੰਗ ਕੀਤੀ ਗਈ ਹੈ ਜਿਸ ਤਹਿਤ 2 ਟਿੱਪਰਾਂ ਦੇ 2-2 ਲੱਖ ਰੁਪਏ ਦੇ ਚਾਲਾਨ ਕੀਤੇ ਗਏ ਹਨ ਜੋ ਬਿਨਾਂ ਮਾਈਨਿੰਗ ਵਿਭਾਗ ਦੀ ਮਨਜ਼ੂਰੀ ਚੱਲ ਰਹੇ ਸਨ ਜਦਕਿ 1 ਟਿੱਪਰ ਨੂੰ ਬਿਨਾਂ ਕਿਸੇ ਵੀ ਤਰ੍ਹਾਂ ਦੇ ਕਾਗਜ਼ਾਂ ਦੇ ਚੱਲਣ ਕਾਰਨ ਬੌਂਡ ਕੀਤਾ ਗਿਆ ਹੈ। ਇਸੇ ਤਰ੍ਹਾਂ ਟਰੈਫਿਕ ਨਿਯਮਾਂ ਦੀਆਂ ਉਲੰਘਣਾ ਕਰਨ ਦੇ ਦੋਸ਼ ਤਹਿਤ 11 ਹੋਰ ਵਾਹਨਾਂ ਦੇ ਚਲਾਨ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਤੇ ਕਿਸੇ ਵੀ ਵਾਹਨ ਨੂੰ ਗੈਰ-ਕਾਨੂੰਨੀ ਢੰਗ ਜਾਂ ਬਿਨਾਂ ਕਾਗਜ਼ਾਂ ਤੋਂ ਚੱਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਤੇ ਉਨ੍ਹਾਂ ਖਿਲਾਫ਼ ਬਣਦੀ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਬੀਡੀਪੀਓ ਗੁਰਮੀਤ ਸਿੰਘ, ਨਾਇਬ ਤਹਿਸੀਲਦਾਰ ਗੁਰਬੰਸ ਸਿੰਘ, ਮਾਈਨਿੰਗ ਵਿਭਾਗ ਦੇ ਜੇਈ ਹੁਸਨਪ੍ਰੀਤ ਸਿੰਘ ਤੇ ਸਿਟੀ ਪੁਲੀਸ ਮੁਖੀ ਜਸਪ੍ਰੀਤ ਸਿੰਘ ਵੀ ਹਾਜ਼ਰ ਸਨ।