ਪ੍ਰੋ. ਨਰਿੰਦਰ ਕਪੂਰ ਨੂੰ ਪਹਿਲਾ ‘ਡਾ. ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ ਮੋਢੀ ਮੁਖੀ ਸਨਮਾਨ’
ਗੁਰਨਾਮ ਸਿੰਘ ਅਕੀਦਾ
ਪਟਿਆਲਾ, 1 ਜੁਲਾਈ
ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਪਹਿਲਾ ‘ਡਾ. ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ ਮੋਢੀ ਮੁਖੀ ਸਨਮਾਨ’ ਵਾਰਤਕ ਲੇਖਕ ਅਤੇ ਇਸੇ ਵਿਭਾਗ ਦੇ ਅਧਿਆਪਕ ਅਤੇ ਮੁਖੀ ਰਹੇ ਪ੍ਰੋ. ਨਰਿੰਦਰ ਸਿੰਘ ਕਪੂਰ ਨੂੰ ਗਿਆ ਹੈ। ਇਸ ਵੇਲੇ ਵੀਸੀ ਡਾ. ਜਗਦੀਪ ਸਿੰਘ ਨੇ ਕਿਹਾ ਕਿ ਸ਼ਖ਼ਸੀਅਤ ਦਾ ਬਹੁਮੁਖੀ ਹੋਣਾ ਬਹੁਤ ਜ਼ਰੂਰੀ ਹੈ। ਗਿਆਨ ਦੇ ਸਿਰਫ਼ ਇੱਕੋ ਖੇਤਰ ਤੱਕ ਸੀਮਤ ਰਹਿਣ ਨਾਲ ਸ਼ਖ਼ਸੀਅਤ ਦਾ ਸਰਬਪੱਖੀ ਵਿਕਾਸ ਨਹੀਂ ਹੁੰਦਾ।
ਡਾ. ਪ੍ਰੇਮ ਪ੍ਰਕਾਸ਼ ਸਿੰਘ ਦੀ ਸ਼ਖ਼ਸੀਅਤ ਦੇ ਹਵਾਲੇ ਨਾਲ ਇਹ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਬਹੁਤ ਸਾਰੀਆਂ ਭਾਸ਼ਾਵਾਂ ਦੇ ਗਿਆਤਾ ਸਨ। ਉਨ੍ਹਾਂ ਦੀ ਸ਼ਖ਼ਸੀਅਤ ਦੇ ਇਸ ਗੁਣ ਦਾ ਲਾਭ ਪੰਜਾਬੀ ਭਾਸ਼ਾ ਨੂੰ ਹੋਇਆ। ਇਸ ਵਿਭਾਗ ਨੇ ਯੂਨੀਵਰਸਿਟੀ ਵਿੱਚ ਇਹ ਨਵੀਂ ਅਤੇ ਚੰਗੀ ਪਰੰਪਰਾ ਦਾ ਆਰੰਭ ਕਰ ਦਿੱਤਾ ਹੈ। ਵਿਭਾਗ ਮੁਖੀ ਡਾ. ਰਾਜਵੰਤ ਕੌਰ ਪੰਜਾਬੀ ਨੇ ਇਸ ਸਮਾਗਮ ਦੀ ਲੋੜ, ਮਹੱਤਵ ਅਤੇ ਇਸ ਦੇ ਵਿਉਂਤੇ ਜਾਣ ਨਾਲ ਜੁੜੇ ਵੱਖ-ਵੱਖ ਪਹਿਲੂਆਂ ਬਾਰੇ ਗੱਲ ਕਰਦਿਆਂ ਦੱਸਿਆ ਕਿ ਵਿਭਾਗ ਵੱਲੋਂ ਪਹਿਲਾ ‘ਡਾ. ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ ਮੋਢੀ ਮੁਖੀ ਸਨਮਾਨ’ ਵਾਰਤਕ ਲੇਖਕ ਅਤੇ ਇਸੇ ਵਿਭਾਗ ਦੇ ਅਧਿਆਪਕ ਅਤੇ ਮੁਖੀ ਰਹੇ ਪ੍ਰੋ. ਨਰਿੰਦਰ ਸਿੰਘ ਕਪੂਰ ਦਿੱਤੇ ਜਾਣ ਬਾਰੇ ਫ਼ੈਸਲਾ ਕੀਤਾ ਗਿਆ ਹੈ। ਪ੍ਰੋ. ਨਰਿੰਦਰ ਸਿੰਘ ਕਪੂਰ ਨੇ ਸਨਮਾਨ ਪ੍ਰਾਪਤੀ ਉਪਰੰਤ ਆਪਣੇ ਭਾਵ ਸਾਂਝੇ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਹਮੇਸ਼ਾ ਇਸ ਗੱਲ ਉੱਤੇ ਮਾਣ ਰਿਹਾ ਹੈ ਕਿ ਉਹ ਪੰਜਾਬੀ ਯੂਨੀਵਰਸਿਟੀ ਨਾਲ ਜੁੜੇ ਹੋਏ ਹਨ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਡੀਨ ਭਾਸ਼ਾਵਾਂ ਡਾ. ਭੁਪਿੰਦਰ ਸਿੰਘ ਖਹਿਰਾ, ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ, ਡਾ. ਰਾਜਵਿੰਦਰ ਸਿੰਘ, ਸਾਬਕਾ ਮੁਖੀ ਡਾ. ਸਤੀਸ਼ ਕੁਮਾਰ ਵਰਮਾ, ਡਾ. ਰਾਜਿੰਦਰ ਪਾਲ ਸਿੰਘ ਬਰਾੜ, ਡਾ. ਗੁਰਸੇਵਕ ਲੰਬੀ ਅਤੇ ਡਾ. ਸੁਰਜੀਤ ਸਿੰਘ ਨੇ ਵੀ ਵਿਚਾਰ ਸਾਂਝੇ ਕੀਤੇ। ਡਾ. ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ ਦੀ ਸਪੁੱਤਰੀ ਪ੍ਰੋ. ਮਾਨਵਤਾ ਘੁੰਮਣ ਵੱਲੋਂ ਇਸ ਮੌਕੇ ਭਾਵੁਕਤਾ ਸਹਿਤ ਆਪਣੇ ਪਿਤਾ ਜੀ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਬਾਰੇ ਚਾਨਣਾ ਪਾਇਆ।