ਆਮ ਆਦਮੀ ਪਾਰਟੀ ਨਾਲ ਜੁੜ ਰਹੇ ਨੇ ਲੋਕ: ਨੀਨਾ ਮਿੱਤਲ
ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 8 ਜੁਲਾਈ
ਹਲਕਾ ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ ਦੀ ਅਗਵਾਈ ਹੇਠ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਆਊਟ ਸੋਰਸ ਵਰਕਰ ਤੇ ਕਰਮਚਾਰੀ ਦਲ ਪੰਜਾਬ (ਭਗੜਾਣਾ) ਰਾਜਪੁਰਾ ਇਕਾਈ ਦੇ ਪ੍ਰਧਾਨ ਨਰੇਸ਼ ਕੁਮਾਰ ਅਤੇ ਭਾਰਤੀ ਮਜ਼ਦੂਰ ਸੰਘ ਨਗਰ ਕੌਂਸਲ ਰਾਜਪੁਰਾ ਦੇ ਪ੍ਰਧਾਨ ਜਸਵੀਰ ਨਾਹਰ ਆਪਣੇ ਸੈਂਕੜੇ ਸਾਥੀਆਂ ਸਮੇਤ ‘ਆਪ’ ਵਿੱਚ ਸ਼ਾਮਲ ਹੋ ਗਏ। ਵਿਧਾਇਕਾ ਮਿੱਤਲ ਨੇ ਪਾਰਟੀ ਵਿਚ ਸ਼ਾਮਲ ਹੋਏ ਵਰਕਰਾਂ ਨੂੰ ਪਾਰਟੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਵਿਧਾਇਕਾ ਨੇ ਇਸ ਮੌਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਿਨੁਮਾਈ ਹੇਠ ਪੰਜਾਬ ਸਰਕਾਰ ਵੱਲੋਂ ਐੱਸ.ਸੀ. ਭਾਈਚਾਰੇ ਲਈ ਲਏ ਗਏ ਇਤਿਹਾਸਕ ਕਰਜ਼ਾ ਮੁਆਫ਼ੀ ਅਜਿਹੇ ਫ਼ੈਸਲਿਆਂ ਕਾਰਨ ਅੱਜ ਇਹ ਭਾਈਚਾਰਾ ਵੱਡੀ ਗਿਣਤੀ ਵਿੱਚ ‘ਆਪ’ ਨਾਲ ਜੁੜ ਰਿਹਾ ਹੈ। ਉਨ੍ਹਾਂ ਕਿਹਾ ਮਾਨ ਸਰਕਾਰ ਦੀ ਲੋਕ ਹਿਤੈਸ਼ੀ ਨੀਤੀਆਂ ਅਤੇ ਪਾਰਦਰਸ਼ੀ ਕਾਰਜਸ਼ੈਲੀ ਕਾਰਨ ਰਾਜਪੁਰਾ ਵਿੱਚ ਲੋਕ ‘ਆਪ’ ਦੀ ਨੀਤੀ ’ਤੇ ਭਰੋਸਾ ਜਤਾ ਰਹੇ ਹਨ। ਇਸ ਮੌਕੇ ਪ੍ਰਧਾਨ ਨਰੇਸ਼ ਕੁਮਾਰ ਤੇ ਜਸਵੀਰ ਨਾਹਰ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਰਵਾਇਤੀ ਪਾਰਟੀਆਂ ਦੇ ਨਾਲ ਜੁੜੇ ਰਹੇ ਪਰ ਉਨ੍ਹਾਂ ਨੇ ਕਦੇ ਵੀ ਐੱਸ.ਸੀ. ਭਾਈਚਾਰੇ ਦੇ ਹੱਕਾਂ ਲਈ ਢੰਗ ਨਾਲ ਆਵਾਜ਼ ਨਹੀਂ ਉਠਾਈ। ਪਰ ਮਾਨ ਸਰਕਾਰ ਨੇ ਆਰਥਿਕ ਦਸ਼ਾ ਨੂੰ ਸੁਧਾਰਨ ਲਈ ਕਰਜ਼ਾ ਮੁਆਫ਼ੀ ਵਰਗਾ ਬੇਮਿਸਾਲ ਕਦਮ ਚੁੱਕਿਆ ਹੈ। ਇਸ ਮੌਕੇ ਸੰਜੀਵ ਕੁਮਾਰ ਵੈਦ ਜਨਰਲ ਸਕੱਤਰ, ਯੋਗੇਸ਼ ਸੈਣੀ ਚੇਅਰਮੈਨ, ਅਜੇ ਚੌਧਰੀ, ਹਰਦੇਵ ਸਹੋਤਾ ਤੇ ਜੁਆਇੰਟ ਸਕੱਤਰ ਸੰਜੀਵ ਕੁਮਾਰ ਆਦਿ ਮੌਜੂਦ ਸਨ।