ਪਟਿਆਲਾ ਦੇ ਅਰਬਨ ਅਸਟੇਟ ਵਿੱਚ ਨਾਕਸ ਨਿਕਾਸੀ ਪ੍ਰਬੰਧਾਂ ਕਾਰਨ ਹੜ੍ਹਾਂ ਦਾ ਖ਼ਤਰਾ ਹੈ ਅਤੇ ਇੱਥੇ ਰਾਜਪੁਰਾ ਰੋਡ ਤੋਂ ਸਰਹਿੰਦ ਰੋਡ ਤੱਕ ਜਾ ਰਹੀ ਬਾਈਪਾਸ ਦੇ ਹੇਠਾਂ ਬਣਾਈਆਂ ਪੁਲੀਆਂ ਦੇ ਰਾਹ ਬੰਦ ਹੋਣ ਕਾਰਨ ਪਾਣੀ ਦੀ ਨਿਕਾਸੀ ਮੁਸ਼ਕਿਲ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਸਾਲ ਜਦੋਂ ਹੜ੍ਹ ਆਏ ਸੀ ਤਾਂ ਅਰਬਨ ਅਸਟੇਟ ਵਿਚ 3 ਤੋਂ 6 ਫੁੱਟ ਤੱਕ ਪਾਣੀ ਭਰ ਗਿਆ ਸੀ ਜਿਸ ਕਰ ਕੇ ਪੌਸ਼ ਇਲਾਕੇ ਅਰਬਨ ਅਸਟੇਟ ਵਾਸੀਆਂ ਦੀਆਂ ਕਾਰਾਂ, ਐੱਲਈਡੀ, ਵਾਸ਼ਿੰਗ ਮਸ਼ੀਨ, ਬੈੱਡ, ਸੋਫ਼ੇ ਸੈੱਟ ਆਦਿ ਬਹੁਤ ਸਾਰਾ ਲੱਖਾਂ ਦਾ ਸਾਮਾਨ ਖ਼ਰਾਬ ਹੋ ਗਿਆ ਸੀ। ਹੜ੍ਹ ਦਾ ਏਨਾ ਪਾਣੀ ਅਰਬਨ ਅਸਟੇਟ ਵਿੱਚ ਭਰਨ ਦਾ ਕਾਰਨ ਸੀ ਕਿ ਸੜਕ ਹੇਠਾਂ ਬਣੀਆਂ ਪੁਲੀਆਂ ਰਾਹੀਂ ਪਾਣੀ ਨਹੀਂ ਸੀ ਲੰਘ ਰਿਹਾ ਤੇ ਉੱਚੀ ਸੜਕ ਅੱਗੇ ਡਾਫ ਲੱਗ ਗਈ ਸੀ। ਹਾਲਾਤ ਇਸ ਵੇਲੇ ਵੀ ਨਹੀਂ ਬਦਲੇ। ਸੜਕ ਹੇਠਾਂ ਪਾਣੀ ਦੀ ਨਿਕਾਸੀ ਲਈ ਬਣੀਆਂ ਪੁਲੀਆਂ ਦੇ ਰਸਤੇ ਬੰਦ ਹਨ। ਲੋਕਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਤੇ ਪ੍ਰਸ਼ਾਸਨ ਦੀ ਅਣਦੇਖੀ ਇਸ ਦਾ ਮੁੱਖ ਕਾਰਨ ਹੈ। ਖੇਤਰ ਦੇ ਵਸਨੀਕ ਡਾ. ਬਲਵਿੰਦਰ ਸਿੰਘ ਟਿਵਾਣਾ ਨੇ ਕਿਹਾ ਕਿ ਜੇਕਰ ਇਸ ਵਾਰੀ ਹੜ੍ਹ ਆ ਜਾਂਦੇ ਹਨ ਤਾਂ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਇਸ ਵਾਰ ਵੀ ਪਹਿਲਾਂ ਵਾਲੇ ਹੀ ਹਾਲਾਤ ਹੋਣਗੇ। ਨਿਰੰਜਣ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਵੀ ਉਨ੍ਹਾਂ ਦਾ ਬਹੁਤ ਨੁਕਸਾਨ ਹੋਇਆ ਸੀ। ਪ੍ਰਸ਼ਾਸਨ ਨੇ ਪਾਣੀ ਦੇ ਲੰਘਣ ਲਈ ਰਸਤਾ ਨਹੀਂ ਬਣਾਇਆ ਤਾਂ ਇਸ ਵਾਰ ਵੀ ਹਾਲ ਮਾੜਾ ਹੋ ਸਕਦਾ ਹੈ।
ਜਾਂਚ ਮਗਰੋਂ ਕਾਰਵਾਈ ਕਰਾਂਗੇ: ਡਿਪਟੀ ਕਮਿਸ਼ਨਰ
ਪਟਿਆਲਾ ਦੇ ਡੀਸੀ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਉਨ੍ਹਾਂ ਨੇ ਨਾਲਿਆਂ ਤੇ ਪੁਲੀਆਂ ਦੀ ਸਫ਼ਾਈ ਕਰਨ ਦੇ ਹੁਕਮ ਦਿੱਤੇ ਹਨ ਪਰ ਜੇਕਰ ਕੋਈ ਕਮੀ ਰਹਿ ਗਈ ਹੈ ਤਾਂ ਉਸ ਦੀ ਜਾਂਚ ਕਰਕੇ ਉਹ ਸਹੀ ਕਰਵਾਈ ਜਾਵੇਗੀ। ਕਿਉਂਕਿ ਪਟਿਆਲਾ ਵਾਸੀਆਂ ਦੀ ਸੰਭਾਲ ਤੇ ਸੁਰੱਖਿਆ ਉਨ੍ਹਾਂ ਦਾ ਫ਼ਰਜ਼ ਹੈ।