ਸੱਤਾ ਲਈ ਜਥੇਦਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹੈ: ਗਿਆਨੀ ਹਰਪ੍ਰੀਤ ਸਿੰਘ
ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 8 ਮਾਰਚ
ਇਥੇ ਕੇਂਦਰੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜਪੁਰਾ ਵਿੱਚ ਕਰਵਾਏ ਗੁਰਮਤਿ ਸਮਾਗਮ ਦੌਰਾਨ ਸੰਗਤ, ਨਿਹੰਗ ਜਥੇਬੰਦੀਆਂ, ਪ੍ਰਬੰਧਕ ਕਮੇਟੀਆਂ ਰਾਜਸੀ ਅਤੇ ਧਾਰਮਿਕ ਆਗੂਆਂ ਵੱਲੋਂ ਸਮਾਗਮ ਵਿੱਚ ਪੁੱਜੇ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਤਖ਼ਤ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਫ਼ਖ਼ਰ-ਏ-ਕੌਮ ਦੀ ਉਪਾਧੀ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲ ਤਖ਼ਤ ਦੀ ਪ੍ਰਭੂਸੱਤਾ ਦੀ ਰਾਖੀ ਲਈ ਅਤੇ ਸਰਮਾਏਦਾਰਾਂ ਦੀਆਂ ਵਲਗਣਾਂ ਵਿੱਚੋਂ ਬਾਹਰ ਕੱਢਣ ਲਈ ਕਾਫ਼ਲਾ ਬਣਾ ਕੇ ਚੱਲਣ ਦੀ ਸੰਗਤ ਨੂੰ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ 7 ਮਾਰਚ ਸਿੱਖ ਕੌਮ ਦੇ ਇਤਿਹਾਸ ਵਿੱਚ ਕਾਲੇ ਦਿਨ ਵਜੋਂ ਜਾਣਿਆ ਜਾਵੇਗਾ। ਉਨ੍ਹਾਂ ਅਤੇ ਦੋ ਹੋਰ ਜਥੇਦਾਰਾਂ ਵਿਰੁੱਧ ਬਦਲੇ ਦੀ ਭਾਵਨਾ ਨਾਲ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਕਰਕੇ, ਅਕਾਲੀ ਦਲ ਪਤਨ ਵੱਲ ਵਧ ਰਿਹਾ ਹੈ। ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਆਗੂਆਂ ਦਾ ਨਾਮ ਲਏ ਬਿਨਾਂ ਉਨ੍ਹਾਂ ਕਿਹਾ ਕਿ ਇਹ ਸਭ ਕੁਝ ਨਿੱਜੀ ਅਤੇ ਸੱਤਾ ਦੀਆਂ ਲਾਲਸਾਵਾਂ ਕਾਰਨ ਹੋ ਰਿਹਾ ਹੈ। ਸੱਤਾ ਲਈ ਜਥੇਦਾਰਾਂ ਦੀਆਂ ਕੁਰਬਾਨੀਆਂ ਦਿੱਤੀਆਂ ਜਾ ਰਹੀਆਂ ਹਨ। ਜਥੇਦਾਰਾਂ ਦੀ ਨਿਯੁਕਤੀ ਪੂਰੀ ਪ੍ਰਕਿਰਿਆ ਅਨੁਸਾਰ ਹੋਣੀ ਚਾਹੀਦੀ ਹੈ। ਜੇ ਅਕਾਲ ਤਖ਼ਤ ਦੇ 2 ਦਸੰਬਰ ਦੇ ਹੁਕਮ ਨੂੰ ਲਾਗੂ ਕੀਤਾ ਜਾਂਦਾ ਤਾਂ ਅੱਜ ਅਕਾਲੀ ਦਲ ਦੀ ਸਥਿਤੀ ਵੱਖਰੀ ਹੁੰਦੀ। ਨਵੇਂ ਜਥੇਦਾਰ ਦੀ ਨਿਯੁਕਤੀ ਬਾਰੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਨਵੇਂ ਜਥੇਦਾਰ ਦੀ ਨਿਯੁਕਤੀ ਤੋਂ ਪਹਿਲਾਂ ਵਿਰਸਾ ਸਿੰਘ ਵਲਟੋਹਾ ਤੋਂ ਸਰਟੀਫਿਕੇਟ ਲੈਣਾ ਚਾਹੀਦਾ ਸੀ ਤਾਂ ਜੋ ਬਾਅਦ ਵਿੱਚ ਕੋਈ ਸਵਾਲ ਨਾ ਉੱਠੇ।