ਸਮਾਰਟ ਰਾਸ਼ਨ ਕਾਰਡ ਸਕੀਮ ਅਧੀਨ ਦਰਜ ਮੈਂਬਰਾਂ ਦੀ ਈ-ਕੇਵਾਈਸੀ ਕਰਵਾਉਣੀ ਲਾਜ਼ਮੀ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 23 ਜੂਨ
ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ, ਪਟਿਆਲਾ ਨੇ ਸਮੂਹ ਲਾਭਪਾਤਰੀ ਖਪਤਕਾਰਾਂ ਨੂੰ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ, 2013 ਤਹਿਤ ਸਮਾਰਟ ਰਾਸ਼ਨ ਕਾਰਡ ਸਕੀਮ ਅਧੀਨ ਦਰਜ ਮੈਂਬਰਾਂ ਦੀ ਈ-ਕੇਵਾਈਸੀ ਕਰਵਾਉਣ ਦੀ ਅਪੀਲ ਕੀਤੀ ਹੈ।
ਖੁਰਾਕ ਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਪਟਿਆਲਾ ਜ਼ਿਲ੍ਹਾ ਕੰਟਰੋਲਰ ਰੂਪਪ੍ਰੀਤ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਖਪਤਕਾਰ 30 ਜੂਨ ਤਕ ਆਪਣੀ ਈ-ਕੇ.ਵਾਈ.ਸੀ ਲਾਜ਼ਮੀ ਕਰਵਾ ਲੈਣ ਕਿਉਂ ਕਿ ਅਜਿਹਾ ਨਾ ਕਰਨ ’ਤੇ ਉਨ੍ਹਾਂ ਨੂੰ ਰਾਸ਼ਨ ਲੈਣ ਵਿੱਚ ਦਿੱਕਤਾਂ ਆ ਸਕਦੀਆਂ ਹਨ। ਡੀਐੱਫਐੱਸਸੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਰਾਜ ਦੇ ਖੁਰਾਕ ਤੇ ਸਪਲਾਈਜ਼ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਪ੍ਰਮੁੱਖ ਸਕੱਤਰ ਕਮ ਡਾਇਰੈਕਟਰ, ਖੁਰਾਕ ਸਿਵਲ ਸਪਲਾਈਜ਼ ਤੇ ਖਪਤਕਾਰ ਮਾਮਲੇ ਦੇ ਹੁਕਮਾਂ ਮੁਤਾਬਕ ਸਮੇਂ-ਸਮੇਂ ’ਤੇ ਸਮੂਹ ਸਹਾਇਕ ਖੁਰਾਕ ਤੇ ਸਪਲਾਈਜ਼ ਅਫ਼ਸਰਾਂ, ਨਿਰੀਖਕ ਇੰਚਾਰਜ (ਵੰਡ) ਅਤੇ ਡਿੱਪੂ ਹੋਲਡਰਾਂ ਨਾਲ ਮੀਟਿੰਗਾਂ ਕਰਕੇ ਈ-ਕੇਵਾਈਸੀ ਦਾ ਕੰਮ 30-06-2025 ਤੱਕ ਮੁਕੰਮਲ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੀਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਖੁਰਾਕ ਤੇ ਸਪਲਾਈਜ਼ ਵਿਭਾਗ ਦੇ ਫੀਲਡ ਅਫ਼ਸਰਾਂ ਨੂੰ ਆਪਣੇ-ਆਪਣੇ ਕਾਰਜ ਖੇਤਰ ਵਿੱਚ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ, 2013/ਸਮਾਰਟ ਰਾਸ਼ਨ ਕਾਰਡ ਸਕੀਮ ਅਧੀਨ ਜਾਰੀ ਰਾਸ਼ਨ ਕਾਰਡਾਂ ਵਿੱਚ ਦਰਜ ਮੈਂਬਰਾਂ ਦੀ ਈ-ਕੇਵਾਈਸੀ ਦਾ ਕੰਮ ਸਮੇਂ ਸਿਰ ਮੁਕੰਮਲ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਡਿੱਪੂ ਹੋਲਡਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਇਲਾਕੇ ਵਿੱਚ ਪੈਂਦੇ ਖਪਤਕਾਰਾਂ ਨੂੰ ਈ-ਕੇਵਾਈਸੀ ਕਰਵਾਉਣ ਲਈ ਪ੍ਰੇਰਿਤ ਕਰਨ।