ਸਰਬਜੀਤ ਸਿੰਘ ਭੰਗੂ
ਪਟਿਆਲਾ, 13 ਸਤੰਬਰ
ਨਸ਼ਾ ਤਸਕਰ ਅਮਰੀਕ ਦੇਧਨਾ ਵੱਲੋਂ ਪਾਕਿਸਤਾਨੀ ਏਜੰਟ ਨੂੰ ਭੇਜੀਆਂ ਗਈਆਂ ਫ਼ੌਜ ਦੀਆਂ ਖੁਫ਼ੀਆ ਰਿਪੋਰਟਾਂ ਲੀਕ ਕਰਨ ਸਬੰਧੀ ਭੁਪਾਲ ਤੋਂ ਗ੍ਰਿਫ਼ਤਾਰ ਕਰਕੇ ਲਿਆਂਦੇ ਗਏ ਫ਼ੌਜੀ ਮਨਪ੍ਰ੍ੀਤ ਸ਼ਰਮਾ ਦਾ ਅਦਾਲਤ ਨੇ ਪੰਜ ਦਿਨਾਂ ਪੁਲੀਸ ਰਿਮਾਂਡ ਦਿੱਤਾ ਹੈ। ਅਦਾਲਤ ਨੇ ਅਮਰੀਕ ਪੇਧਨਾ ਦੇ ਪੁਲੀਸ ਰਿਮਾਂਡ ਵਿੱਚ ਵੀ ਪੰਜ ਦਿਨ ਦਾ ਵਾਧਾ ਕੀਤਾ ਹੈ। ਪੁੱਛ ਪੜਤਾਲ ਦੌਰਾਨ ਜਿੱਥੇ ਅਮਰੀਕ ਸਿੰਘ ਦੇ ਪਾਕਿਸਤਾਨ ਰਹਿੰਦੇ ਦੱਸੇ ਜਾਂਦੇ ਅਤਿਵਾਦੀ ਹਰਵਿੰਦਰ ਰਿੰਦਾ ਨਾਲ ਸਬੰਧ ਹੋਣ ਦੀ ਗੱਲ ਸਾਹਮਣੇ ਆਈ ਹੈ, ਉੱਥੇ ਹੀ ਪਾਕਿਸਤਾਨੀ ਏਜੰਟ ਨੂੰ ਭੇਜੀਆਂ ਗਈਆਂ ਫ਼ੌਜ ਦੀਆਂ ਰਿਪੋਰਟਾਂ ਉਸ ਨੂੰ ਫ਼ੌਜੀ ਮਨਪ੍ਰੀਤ ਸ਼ਰਮਾ ਵੱਲੋਂ ਦਿੱਤੀਆਂ ਹੋਣ ਦਾ ਖੁਲਾਸਾ ਵੀ ਹੋਇਆ ਹੈ।
ਦੋਵਾਂ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਸੀਆਈਏ ਪਟਿਆਲਾ ਵਿੱਚ ਰੱਖਿਆ ਗਿਆ ਹੈ। ਕੇਸ ਦੇ ਤਫਤੀਸ਼ੀ ਅਫ਼ਸਰ ਇੰਸਪੈਕਟਰ ਅਮਨਪਾਲ ਵਿਰਕ ਤੇ ਸੀਆਈਏ ਇੰਚਾਰਜ ਸ਼ਮਿੰਦਰ ਸਿੰਘ ਦੀ ਨਿਗਰਾਨੀ ਹੇਠ ਪੁਲੀਸ ਸਖਤ ਚੌਕਸੀ ਰੱਖ ਰਹੀ ਹੈ। ਪੁੱਛ ਪੜਤਾਲ ਦੀ ਪ੍ਰਕਿਰਿਆ ਦੀ ਨਿਗਰਾਨੀ ਐੱਸਐੱਸਪੀ ਵਰੁਣ ਸ਼ਰਮਾ ਖੁਦ ਕਰ ਰਹੇ ਹਨ ਅਤੇ ਐੱਸਪੀ ਤੇ ਡੀਐੱਸਪੀ ਇਨਵੈਸਟੀਗੇਸ਼ਨ ਹਰਬੀਰ ਅਟਵਾਲ ਤੇ ਸੁਖਅੰਮ੍ਰਿਤ ਰੰਧਾਵਾ ਸਮੇਤ ਇੰਸਪੈਕਟਰ ਸ਼ਮਿੰਦਰ ਤੇ ਅਮਨ ਵਿਰਕ ਵੀ ਪੁੱਛ ਪੜਤਾਲ ਟੀਮ ਵਿੱਚ ਸ਼ਾਮਲ ਹਨ। ਆਈਬੀ ਤੇ ਮਿਲਟਰੀ ਇੰਟੈਲੀਜੈਂਸ ਦੀਆਂ ਟੀਮਾਂ ਵੀ ਪੁੱਜੀਆਂ ਹੋਈਆਂ ਹਨ। ਜਾਣਕਾਰੀ ਅਨੁਸਾਰ ਮਨਪ੍ਰੀਤ ਸ਼ਰਮਾ ਪਟਿਆਲਾ ਦੇ ਪਿੰਡ ਬਲਬੇੜਾ ਦਾ ਵਸਨੀਕ ਹੈ ਅਤੇ ਉਹ 2016 ਵਿੱਚ ਫ਼ੌਜ ’ਚ ਡਰਾਈਵਰ ਵਜੋਂ ਭਰਤੀ ਹੋਇਆ ਸੀ। ਉਸ ਦੀ ਅਮਰੀਕ ਨਾਲ ਮੁਲਾਕਾਤ ਜਗਦੀਪ ਨਾਂ ਦੇ ਨੌਜਵਾਨ ਨੇ ਕਰਵਾਈ ਸੀ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮਨਪ੍ਰੀਤ ਨੇ ਫ਼ੌਜ ਦੇ ਚੰਡੀ ਮੰਦਰ ਸਥਿਤ ਕੈਂਪ ’ਚ ਤਾਇਨਾਤੀ ਮੌਕੇ ਉੱਥੋਂ ਇੱਕ ਕੰਪਿਊਟਰ ਵਿੱਚੋਂ ਫ਼ੌਜ ਦੇ ਟੈਂਕਾਂ ਤੇ ਹੋਰ ਹਥਿਆਰਾਂ ਸਮੇਤ ਨਫਰੀ ਦੀ ਜਾਣਕਾਰੀ ਹਾਸਲ ਕਰਕੇ ਚਾਰ-ਪੰਜ ਵਾਰ ਅਮਰੀਕ ਨੂੰ ਭੇਜੀ ਸੀ, ਜਿਸ ਨੇ ਅੱਗੇ ਇਹ ਜਾਣਕਾਰੀ ਆਈਐੱਸਆਈ ਏਜੰਟ ਨੂੰ ਭੇਜੀ ਸੀ। ਐੱਸਐੱਸਪੀ ਵਰੁਣ ਸ਼ਰਮਾ ਨੇ ਇਨ੍ਹਾਂ ਸਾਰੇ ਤੱਥਾਂ ਦੀ ਪੁਸ਼ਟੀ ਕੀਤੀ ਹੈ।
ਫੋਨ ਰਾਹੀਂ ਪਾਕਿਸਤਾਨ ਨਾਲ ਸਾਂਝ ਦੇ ਭੇਤ ਖੁੱਲ੍ਹੇ
ਘੱਗਾ ਪੁਲੀਸ ਨੇ 16 ਮਈ, 2022 ਨੂੰ ਦੇਧਨਾ ਪਿੰਡ ਦੇ ਖੇਤਾਂ ਕੋਲੋਂ 8.207 ਕਿਲੋ ਹੈਰੋਇਨ ਤੇ ਪਿਸਤੌਲ ਬਰਾਮਦ ਕੀਤਾ ਸੀ। ਸਵਾ ਸਾਲ ਪਹਿਲਾਂ ਅਮਰੀਕ ਕੋਲੋਂ ਬਰਾਮਦੀ ਮਗਰੋਂ ਜਾਂਚ ਲਈ ਲੈਬ ਵਿੱਚ ਭੇਜੇ ਗਏ ਪੰਜ ਮੋਬਾਈਲ ਫੋਨਾਂ ਦੀ ਹੁਣ ਜਦੋਂ ਘੱਗਾ ਥਾਣੇ ਦੇ ਨਵੇਂ ਮੁਖੀ ਅਮਨਪਾਲ ਵਿਰਕ ਨੇ ਘੋਖ ਕੀਤੀ ਤਾਂ ਇੱਕ ਭਾਰਤੀ ਫੋਨ ਨੰਬਰ ਰਾਹੀਂ ਆਈਐੱਸਆਈ ਦੇ ਏਜੰਟ ਨੂੰ ਫ਼ੌਜ ਸਬੰਧੀ ਸੂਚਨਾਵਾਂ ਭੇਜਣ ਦਾ ਮਾਮਲਾ ਸਾਹਮਣੇ ਆਇਆ। ਇਸ ਮਗਰੋਂ ਇੰਸਪੈਕਟਰ ਅਮਨਪਾਲ ਵਿਰਕ ਨੇ ਉਸ ਨੂੰ ਪਟਿਆਲਾ ਜੇਲ੍ਹ ਤੋਂ ਲਿਆ ਕੇ ਪੁੱਛ ਪੜਤਾਲ ਕੀਤੀ ਤਾਂ ਮਨਪ੍ਰੀਤ ਫ਼ੌਜੀ ਦਾ ਨਾਮ ਸਾਹਮਣੇ ਆਇਆ।