ਸਰਕਾਰੀ ਰਾਜਿੰਦਰਾ ਹਸਪਤਾਲ ਦੀਆਂ ਨਰਸਾਂ ਵੱਲੋਂ ਹੜਤਾਲ
ਪੱਤਰ ਪ੍ਰੇਰਕ
ਪਟਿਆਲਾ, 8 ਜੁਲਾਈ
ਤਨਖ਼ਾਹ ਨਾ ਮਿਲਣ ਦੇ ਰੋਸ ਵਜੋਂ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਨਰਸਿੰਗ ਸਟਾਫ਼ ਵੱਲੋਂ ਅੱਜ ਸਵੇਰੇ ਹੜਤਾਲ ਕੀਤੀ ਤੇ ਦੁਪਹਿਰ ਤੱਕ ਉਨ੍ਹਾਂ ਨੂੰ ਤਨਖ਼ਾਹ ਮਿਲ ਗਈ। ਸ੍ਰੀ ਗੁਰੂ ਤੇਗ਼ ਬਹਾਦਰ ਨਰਸਿੰਗ ਯੂਨੀਅਨ ਦੇ ਬੈਨਰ ਹੇਠ ਇਕੱਠੇ ਹੋਏ ਨਰਸਿੰਗ ਸਟਾਫ਼ ਵੱਲੋਂ ਸਵੇਰੇ 8 ਵਜੇ ਤੋਂ 12 ਵਜੇ ਤੱਕ ਤਨਖ਼ਾਹ ਲੈਣ ਲਈ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਦੇ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਨਰਸਿੰਗ ਸਟਾਫ਼ ਵੱਲੋਂ ਤਨਖ਼ਾਹ ਨਹੀਂ ਤਾਂ ਕੰਮ ਨਹੀਂ ਸਮੇਤ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਧਰਨੇ ਨੂੰ ਸੰਬੋਧਨ ਕਰਦਿਆਂ ਕਰਮਜੀਤ ਕੌਰ ਔਲਖ, ਸੰਦੀਪ ਕੌਰ ਬਰਨਾਲਾ, ਅਮਨਦੀਪ ਸੰਧੂ, ਆਰਤੀ ਬਾਲੀ, ਰੋਹਿਤ ਕੁਮਾਰ ਤੇ ਹੋਰਨਾਂ ਨੇ ਆਖਿਆ ਕਿ ਹਸਪਤਾਲ ਦਾ ਨਰਸਿੰਗ ਸਟਾਫ਼ ਮੁਲਾਜ਼ਮਾਂ ਦੀ ਕਮੀ ਹੋਣ ਦੇ ਬਾਵਜੂਦ ਵੀ ਕਈ ਕਈ ਸ਼ਿਫ਼ਟਾਂ ’ਚ ਕੰਮ ਕਰਕੇ ਹਸਪਤਾਲ ਨੂੰ ਸੁਚਾਰੂ ਢੰਗ ਨਾਲ ਚਲਾ ਰਿਹਾ ਹੈ ਤੇ ਨਰਸਿੰਗ ਸਟਾਫ਼ ਦਿਨ ਰਾਤ ਮਰੀਜ਼ਾਂ ਦੀ ਦੇਖਭਾਲ ਕਰ ਰਿਹਾ ਹੈ ਪਰ ਜਦੋਂ ਇਨ੍ਹਾਂ ਦੇ ਕੰਮ ਦੇ ਮਿਹਨਤਾਨੇ ਦੀ ਗੱਲ ਆਉਂਦੀ ਹੈ ਤਾਂ ਸਰਕਾਰ ਜਾਣ-ਬੂਝ ਕੇ ਤਨਖ਼ਾਹਾਂ ਦੇਰ ਕਰ ਦਿੰਦੀ ਹੈ। ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਘਰ ਦੇ ਗੁਜ਼ਾਰੇ ਵਾਸਤੇ ਪੈਸਿਆਂ ਦੀ ਜ਼ਰੂਰਤ ਹੁੰਦੀ ਹੈ ਪਰ ਜੇਕਰ ਮਹੀਨਾ ਬੀਤ ਜਾਣ ’ਤੇ ਵੀ ਤਨਖ਼ਾਹ ਸਮੇਂ ਸਿਰ ਨਾ ਮਿਲੇ ਤਾਂ ਗੁਜ਼ਾਰਾ ਕਰਨਾ ਮੁਸ਼ਕਿਲ ਹੈ। ਚੇਅਰਪਰਸਨ ਸੰਦੀਪ ਕੌਰ ਬਰਨਾਲਾ ਨੇ ਆਖਿਆ ਕਿ ਨਰਸਿੰਗ ਸਟਾਫ਼ ਪਹਿਲਾਂ ਐੱਮਐੱਸ ਦੇ ਅਧੀਨ ਸੀ ਪਰ ਹੁਣ ਬਦਲ ਕੇ ਪ੍ਰਿੰਸੀਪਲ ਡਾਇਰੈਕਟਰ ਦੇ ਅਧੀਨ ਕਰ ਦਿੱਤਾ ਗਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਹਰ ਮਹੀਨੇ ਤਨਖ਼ਾਹ ਮਿਲਣ ’ਚ ਦੇਰੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨੇ ਵੀ 23 ਤਰੀਕ ਤੱਕ ਤਨਖ਼ਾਹ ਮਿਲੀ ਸੀ ਤੇ ਹੁਣ ਵੀ ਤਨਖ਼ਾਹ ਨਹੀਂ ਮਿਲੀ। ਇਸ ਦੌਰਾਨ ਯੂਨੀਅਨ ਆਗੂਆਂ ਦੀ ਮੀਟਿੰਗ ਸਰਕਾਰੀ ਮੈਡੀਕਲ ਕਾਲਜ ਤੇ ਰਾਜਿੰਦਰਾ ਹਸਪਤਾਲ ਦੇ ਪ੍ਰਿੰਸੀਪਲ ਡਾਇਰੈਕਟਰ ਆਰਪੀ ਸੀਬੀਆ ਤੇ ਐੱਮਐੱਸ ਡਾ. ਵਿਸਾਲ ਚੋਪੜਾ ਨਾਲ ਮੀਟਿੰਗ ਹੋਈ, ਜਿਸ ’ਚ ਪ੍ਰਿੰਸੀਪਲ ਕਮ ਡਾਇਰੈਕਟਰ ਵੱਲੋਂ ਦੁਪਹਿਰ ਤੱਕ ਤਨਖ਼ਾਹ ਪਾਉਣ ਦਾ ਭਰੋਸਾ ਦਿੱਤਾ ਗਿਆ। ਦੁਪਹਿਰ ਤੱਕ ਤਨਖ਼ਾਹ ਮਿਲ ਜਾਣ ਕਾਰਨ ਨਰਸਿੰਗ ਸਟਾਫ਼ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ ਤੇ ਸਟਾਫ਼ ਮੁੜ ’ਤੇ ਪਰਤ ਗਿਆ। ਨਰਸਿੰਗ ਯੂਨੀਅਨ ਵੱਲੋਂ ਤਨਖ਼ਾਹ ਮਿਲਣ ’ਤੇ ਪ੍ਰਿੰਸੀਪਲ ਡਾਇਰੈਕਟਰ ਤੇ ਐੱਮਐੱਸ ਦਾ ਧੰਨਵਾਦ ਕੀਤਾ ਗਿਆ।