ਥਾਣਾ ਸਿਟੀ ਦੀ ਪੁਲੀਸ ਨੇ ਇੱਕ ਨੌਜਵਾਨ ਨੂੰ ਹੈਰੋਇਨ ਦਾ ਸੇਵਨ ਕਰਦੇ ਹੋਏ ਲਾਈਟਰ, ਸਿਲਵਰ ਪੇਪਰ ਤੇ ਕਾਗਜ਼ ਸਮੇਤ ਕਾਬੂ ਕਰ ਕੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਗੁਰਜੰਟ ਸਿੰਘ ਵਾਸੀ ਪਿੰਡ ਰਤਨਹੇੜੀ ਵਜੋਂ ਹੋਈ ਹੈ। ਸਿਟੀ ਪੁਲੀਸ ਅਨੁਸਾਰ ਏਐੱਸਆਈ ਰਾਜਵਿੰਦਰ ਕੌਰ ਨੂੰ ਵੜੈਚਾਂ ਮੋੜ ’ਤੇ ਗਸ਼ਤ ਦੌਰਾਨ ਸੂਚਨਾ ਮਿਲੀ ਸੀ ਕਿ ਮੁਲਜ਼ਮ ਨਸ਼ੇ ਦਾ ਆਦੀ ਹੈ ਅਤੇ ਉਹ ਇਸ ਸਮੇਂ ਗ੍ਰੀਨ ਟਾਊਨ ਨੇੜੇ ਕੋਆਪ੍ਰੇਟਿਵ ਸੁਸਾਇਟੀ ਸਮਾਣਾ ਦੇ ਗੁਦਾਮ ਵਿੱਚ ਹੈਰੋਇਨ ਪੀ ਰਿਹਾ ਹੈ। ਇਸ ਮਗਰੋਂ ਪੁਲੀਸ ਨੇ ਛਾਪਾ ਮਾਰ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ। ਪੁਲੀਸ ਅਨੁਸਾਰ ਉਸ ਨੂੰ ਨਸ਼ਾ ਛੁਡਾਊ ਕੇਂਦਰ ਭੇਜ ਦਿੱਤਾ ਹੈ।