ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣ ਬਾਰੇ ਚਰਚਾ
ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 10 ਜੁਲਾਈ
ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਕੰਬੋਜ ਮਹਾਂਸਭਾ ਬਲਾਕ ਭੁਨਰਹੇੜੀ ਵੱਲੋਂ ਵਿਸ਼ੇਸ਼ ਮੀਟਿੰਗ ਮਾਤਾ ਗੁਜਰੀ ਸਕੂਲ ਦੇਵੀਗੜ੍ਹ ਵਿੱਚ ਪ੍ਰਧਾਨ ਸਵਿੰਦਰ ਸਿੰਘ ਧੰਜੂ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੌਕੇ ਸਭਾ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਕੰਬੋਜ ਮਹਾਂਸਭਾ ਨੂੰ ਹੋਰ ਮਜ਼ਬੂਤ ਕਰਨ ਲਈ ਸਭਾ ਵਿੱਚ ਹੋਰ ਨਿਯੁਕਤੀਆਂ ਕੀਤੀਆਂ ਜਾਣਗੀਆਂ। ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਇਸ ਵਾਰ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ 29 ਜੁਲਾਈ ਨੂੰ ਵੱਡੇ ਪੱਧਰ ’ਤੇ ਦੇਵੀਗੜ੍ਹ ਵਿੱਚ ਮਨਾਇਆ ਜਾਵੇਗਾ ਜਿਸ ਲਈ ਹੁਣ ਤੋਂ ਹੀ ਤਿਆਰੀਆਂ ਵਿੱਢ ਦਿੱਤੀਆਂ ਗਈਆਂ ਹਨ। ਸਭਾ ਵੱਲੋਂ ਕੁਝ ਹੋਰ ਫੈਸਲੇ ਵੀ ਲਏ ਗਏ ਹਨ ਕਿ ਸ਼ਹੀਦੀ ਦਿਹਾੜੇ ਮੌਕੇ ਕੈਂਸਰ ਦੇ ਕੈਂਪ, ਖੂਨ ਕੈਂਪ ਅਤੇ ਮੈਡੀਕਲ ਕੈਂਪ ਆਦਿ ਵੀ ਲਗਾਏ ਜਾਣਗੇ ਤਾਂ ਕਿ ਇਨ੍ਹਾਂ ਕੈਂਪਾਂ ਵਿੱਚ ਲੋਕ ਮੁਫਤ ਵਿੱਚ ਵੱਖ-ਵੱਖ ਰੋਗਾਂ ਦੇ ਟੈਸਟ ਕਰਵਾ ਸਕਣ। ਇਸ ਮੌਕੇ ਜਨਰਲ ਸਕੱਤਰ ਦਵਿੰਦਰ ਸਿੰਘ ਮਾੜੂ, ਜਸਵਿੰਦਰ ਸਿੰਘ ਰਾਣਾ ਪ੍ਰਧਾਨ ਆੜਤੀ ਐਸੋਸੀਏਸ਼ਨ ਪੰਜਾਬ, ਜੀਤ ਸਿੰਘ ਮੀਰਾਂਪੁਰ, ਗੁਰਮੇਲ ਸਿੰਘ ਫਰੀਦਪੁਰ, ਭੂਪਿੰਦਰ ਸਿੰਘ ਡਾਇਰੈਕਟਰ ਮਾਤਾ ਗੁਜਰੀ ਸਕੂਲ ਤੇ ਪ੍ਰਿਥੀਪਾਲ ਸਿੰਘ ਧਾਂਦੀਆਂ ਆਦਿ ਹਾਜ਼ਰ ਸਨ।