ਗੁਰਨਾਮ ਸਿੰਘ ਅਕੀਦਾ
ਪਟਿਆਲਾ, 10 ਜੁਲਾਈ
ਪਿੰਡ ਅਲੀਪੁਰ ਅਰਾਈਆਂ ਅਤੇ ਨੇੜਲੇ ਇਲਾਕਿਆਂ ਵਿੱਚ ਡਾਇਰੀਆ (ਉਲਟੀਆਂ ਤੇ ਦਸਤ) ਦਾ ਕਹਿਰ ਜਾਰੀ ਹੈ। ਹੁਣ ਤੱਕ ਖੇਤਰ ਵਿੱਚ ਚਾਰ ਮੌਤਾਂ ਹੋ ਚੁੱਕੀਆਂ ਹਨ ਅਤੇ 140 ਤੋਂ ਵੱਧ ਮਰੀਜ਼ ਬਿਮਾਰੀ ਦੀ ਲਪੇਟ ਵਿੱਚ ਆ ਚੁੱਕੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ 24 ਮਰੀਜ਼ ਨਵੇਂ ਆਏ ਹਨ। ਦੂਜੇ ਪਾਸੇ ਦੂਸ਼ਿਤ ਪਾਣੀ ਦੀ ਸਮੱਸਿਆ ਅਜੇ ਤੱਕ ਬਣੀ ਹੋਈ ਹੈ। ਨਗਰ ਨਿਗਮ ਵੱਲੋਂ ਭੇਜੇ ਗਏ ਪੀਣ ਵਾਲੇ ਪਾਣੀ ਦੇ ਟੈਂਕਰਾਂ ਦੇ ਸੈਂਪਲ ਫ਼ੇਲ੍ਹ ਹੋਣ ਕਾਰਨ ਲੋਕਾਂ ’ਚ ਸਹਿਮ ਹੈ। ਭਾਵੇਂ ਕਿ ਅਧਿਕਾਰੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਟੈਂਕਰਾਂ ਵਿਚ ਪਾਣੀ ਟਿਊਬਵੈੱਲਾਂ ਰਹੀਂ ਆ ਰਿਹਾ ਹੈ, ਜਿਨ੍ਹਾਂ ਵਿਚ ਹੁਣ ਉਹ ਕਲੋਰੀਨ ਪਾਕੇ ਭੇਜ ਰਹੇ ਹਨ ਹੁਣ ਕੋਈ ਖ਼ਤਰਾ ਨਹੀਂ ਹੈ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਬੇਸ਼ੱਕ ਤੇਜ਼ੀ ਨਾਲ ਮਰੀਜ਼ ਨਹੀਂ ਵਧ ਰਹੇ ਪਰ ਅਜੇ ਵੀ ਡਾਇਰੀਆ ਦਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ। ਰੋਜ਼ਾਨਾ ਦੀ ਤਰ੍ਹਾਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਸਵੇਰੇ ਪ੍ਰਭਾਵਿਤ ਪਿੰਡ ਅਲੀਪੁਰ ਅਰਾਈਆਂ ਵਿੱਚ ਨਗਰ ਨਿਗਮ ਕਮਿਸ਼ਨਰ ਪਰਮਵੀਰ ਸਿੰਘ, ਏਡੀਸੀਜ਼, ਐੱਸਡੀਐਮਜ਼ ਅਤੇ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨਾਲ ਦੌਰਾ ਕੀਤਾ।
ਕਾਬਿਲੇਗੌਰ ਹੈ ਕਿ ਡਾਇਰੀਆ ਫੈਲਣ ਦਾ ਜ਼ਿਆਦਾ ਕਾਰਨ ਪੁਰਾਣੀਆਂ ਪਾਈਪਾਂ ਨੂੰ ਦੱਸਿਆ ਜਾ ਰਿਹਾ ਹੈ ਕਿਉਂਕਿ ਸੀਵਰੇਜ ਤੇ ਵਾਟਰ ਸਪਲਾਈ ਦੀਆਂ ਪਾਈਪਾਂ ਇਕ ਹੀ ਪਾਸੇ ਪਾਈਆਂ ਹੋਣ ਕਰਕੇ ਸੀਵਰੇਜ ਦੀ ਪਾਈਪ ਲੀਕ ਹੋਣ ਕਰਕੇ ਗੰਦਾ ਪਾਣੀ ਵਾਟਰ ਸਪਲਾਈ ਵਿੱਚ ਚਲਾ ਗਿਆ ਜਿਸ ਕਰਕੇ ਬਿਮਾਰੀ ਫੈਲੀ ਹੈ। ਇਸ ਵੇਲੇ ਅਲੀਪੁਰ ਅਰਾਈਆਂ ਵਿੱਚ 200 ਦੇ ਕਰੀਬ ਆਸ਼ਾ ਵਰਕਰ ਅਤੇ 10 ਤੋਂ ਵੱਧ ਡਾਕਟਰ ਸੇਵਾਵਾਂ ਦੇ ਰਹੇ ਹਨ ਪਰ ਅਜੇ ਤੱਕ ਡਾਇਰੀਆ ਪੂਰੀ ਤਰ੍ਹਾਂ ਕੰਟਰੋਲ ਵਿਚ ਨਹੀਂ ਆਇਆ। ਮਾਤਾ ਕੌਸ਼ੱਲਿਆ ਹਸਪਤਾਲ ਵਿੱਚ ਭਰਤੀ ਇਕ ਮਰੀਜ਼ ਦੇ ਵਾਰਿਸ ਨੇ ਕਿਹਾ ਕਿ ਉਨ੍ਹਾਂ ਨੂੰ ਸਿਹਤ ਵਿਭਾਗ ਦੇ ਕਰਮਚਾਰੀ ਕਹਿ ਰਹੇ ਹਨ ਕਿ ‘ਤੁਸੀਂ ਕਹਿਣਾ ਹੈ ਕਿ ਸਾਨੂੰ ਦਸਤ ਨਹੀਂ ਸਗੋਂ ਬੀਪੀ ਦੀ ਬਿਮਾਰੀ ਹੈ।’
ਡੀਸੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਵਿਭਾਗ, ਨਗਰ ਨਿਗਮ ਅਤੇ ਜਲ ਸਪਲਾਈ ਤੇ ਸੀਵਰੇਜ ਬੋਰਡ ਦੀਆਂ ਟੀਮਾਂ ਵੱਲੋਂ 24 ਘੰਟੇ ਪੂਰੀ ਚੌਕਸੀ ਵਰਤਦੇ ਹੋਏ ਆਪਸੀ ਤਾਲਮੇਲ ਨਾਲ ਸਥਿਤੀ ਨਾਲ ਨਜਿੱਠਿਆ ਜਾ ਰਿਹਾ ਹੈ। ਪਾਣੀ ਦੇ ਸਰੋਤ, ਲੀਕੇਜ, ਗੰਦੇ ਪਾਣੀ ਦੀ ਮਿਕਸਿੰਗ, ਮਰੀਜ਼ਾਂ ਦੀ ਪਛਾਣ ਕਰਕੇ ਪੂਰੇ ਇਲਾਕੇ ਦੀ ਮੈਪਿੰਗ ਕੀਤੀ ਗਈ ਹੈ ਤਾਂ ਕਿ ਜੇਕਰ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਕਿ ਉਸ ਨੂੰ ਤੁਰੰਤ ਠੀਕ ਕੀਤਾ ਜਾ ਸਕੇ। ਡੀਸੀ ਨੇ ਦੱਸਿਆ ਕਿ ਅਲੀਪੁਰ ਵਿੱਚ ਸਥਿਤੀ ਕੰਟਰੋਲ ਹੇਠ ਹੈ ਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹਤਿਆਤ ਵਜੋਂ ਇਕੱਲੇ ਪਟਿਆਲਾ ਸ਼ਹਿਰ ਹੀ ਨਹੀਂ ਬਲਕਿ ਸਾਰੇ ਜ਼ਿਲ੍ਹੇ ਵਿੱਚ ਵੀ ਸੰਵੇਦਨਸ਼ੀਲ ਹੌਟਸਪੌਟ ਇਲਾਕਿਆਂ ਦਾ ਧਿਆਨ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ ਕਿ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ 50 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਖ਼ਾਸ ਧਿਆਨ ਰੱਖਿਆ ਜਾਵੇ ਅਤੇ ਉਲਟੀਆਂ ਤੇ ਦਸਤ ਦੇ ਕਿਸੇ ਵੀ ਉਮਰ ਦੇ ਮਰੀਜ਼ ਦੇ ਮਾਮਲੇ ’ਚ ਕੋਈ ਲਾਪ੍ਰਵਾਹੀ ਨਹੀਂ ਹੋਣੀ ਚਾਹੀਦੀ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਅਲੀਪੁਰ ਸਮੇਤ ਨੇੜਲੇ ਇਲਾਕਿਆਂ, ਅਰਸ਼ ਨਗਰ, ਖ਼ਾਲਸਾ ਕਾਲੋਨੀ ਵਿਖੇ ਏਡੀਸੀਜ਼ ਨਵਰੀਤ ਕੌਰ ਸੇਖੋਂ ਤੇ ਅਮਰਿੰਦਰ ਸਿੰਘ ਟਿਵਾਣਾ, ਪਟਿਆਲਾ ਤੇ ਦੂਧਨ ਸਾਧਾਂ ਦੇ ਐੱਸਡੀਐੱਮਜ਼ ਸਾਰੇ ਖੇਤਰ ਨੂੰ ਬਲਾਕਾਂ ਵਿੱਚ ਵੰਡ ਕੇ ਨਿਗਰਾਨੀ ਕਰ ਰਹੇ ਹਨ।
ਪਿੰਡ ਵਿੱਚ 22 ਟੀਮਾਂ ਕਰ ਰਹੀਆਂ ਨੇ ਸਰਵੇ: ਸਿਵਲ ਸਰਜਨ
ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਨੇ ਦੱਸਿਆ ਕਿ ਅਲੀਪੁਰ ਅਰਾਈਆਂ ਵਿੱਚ 24 ਘੰਟੇ ਡਿਸਪੈਂਸਰੀ ਚੱਲ ਰਹੀ ਹੈ। 3 ਐੱਸਐੱਮਓ ਤੇ ਐਪੀਡੋਮੋਲੋਜਿਸਟ ਸਮੇਤ ਉਹ ਖ਼ੁਦ ਨਿਗਰਾਨੀ ਕਰ ਰਹੇ ਹਨ। ਸਿਹਤ ਵਿਭਾਗ ਦੀਆਂ 22 ਟੀਮਾਂ ਘਰ-ਘਰ ਜਾ ਕੇ ਸਰਵੇ ਕਰਨ ਸਮੇਤ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ ਕਿ ਉਹ ਦੂਸ਼ਿਤ ਪਾਣੀ ਪੀਣ ਤੋਂ ਬਚਣ ਲਈ ਕਲੋਰੀਨ ਦੀਆਂ ਗੋਲੀਆਂ ਵਾਲਾ ਅਤੇ ਉੱਬਲਿਆ ਪਾਣੀ ਪੀਣ ਨੂੰ ਹੀ ਤਰਜੀਹ ਦੇਣ।