ਨੌਜਵਾਨ ਭਾਰਤ ਸਭਾ ਵੱਲੋਂ ਵਿਧਾਇਕ ਨੂੰ ਮੰਗ ਪੱਤਰ
ਪੱਤਰ ਪ੍ਰੇਰਕ
ਪਾਤੜਾਂ, 23 ਮਾਰਚ
ਨੌਜਵਾਨ ਭਾਰਤ ਸਭਾ ਨੇ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੂੰ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ। ਸੂਬਾ ਕਮੇਟੀ ਮੈਂਬਰ ਦਵਿੰਦਰ ਛਬੀਲਪੁਰ ਤੇ ਜ਼ਿਲ੍ਹਾ ਸਕੱਤਰ ਖੁਸ਼ਵੰਤ ਹਨੀ ਦੀ ਅਗਵਾਈ ਵਿੱਚ ਮੋਟਰਸਾਈਕਲ ਮਾਰਚ ਕੱਢਦਿਆਂ ਵਿਧਾਇਕ ਦੇ ਘਰ ਪਹੁੰਚ ਕੇ ਮੰਗ ਪੱਤਰ ਦੇਣ ਉਪਰੰਤ ਆਗੂਆਂ ਨੇ ਕਿਹਾ ਹੈ ਕਿ ਜੇਲ੍ਹਾਂ ਦੇ ਸਾਬਕਾ ਡੀਜੀਪੀ ਸ਼ਸ਼ੀ ਕਾਂਤ ਨੇ ਗ੍ਰਹਿ ਮੰਤਰੀ ਨੂੰ ਜੋ ਨਸ਼ਾ ਸਮੱਗਲਰਾਂ ਦੀ ਰਿਪੋਰਟ ਦਿੱਤੀ ਸੀ, ਉਸ ਨੂੰ ਜਨਤਕ ਕੀਤਾ ਜਾਵੇ, ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਫਿਰੋਜ਼ਪੁਰ ਦੇ ਤੂੜੀ ਬਾਜ਼ਾਰ ’ਚ ਗੁਪਤ ਟਿਕਾਣੇ ਨੂੰ ਮਿਊਜ਼ੀਅਮ ਤੇ ਲਾਇਬ੍ਰੇਰੀ ’ਚ ਤਬਦੀਲ ਕੀਤਾ ਜਾਵੇ, ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਯੋਗ ਉਪਰਾਲੇ ਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤੇ ਦਿੱਤਾ ਜਾਵੇ। ਇਸੇ ਦੌਰਾਨ ਹਰਿੰਦਰ ਸੈਣੀਮਾਜਰਾ ਤੇ ਗੁਰਦੀਪ ਕਲਵਾਨੂੰ ਨੇ ਕਿਹਾ ਕਿ ਪੰਜਾਬ ਸਰਕਾਰ ਯੂਪੀ ਦੀ ਤਰਜ਼ ’ਤੇ ਬੁਲਡੋਜ਼ਰ ’ਤੇ ਪੁਲੀਸ ਰਾਜ ਕਾਇਮ ਕਰਨ ਤੋਂ ਗੁਰੇਜ਼ ਕਰੇ। ਉਨ੍ਹਾਂ ਕਿਹਾ ਕਿ ਮੰਗਾਂ ਨਾ ਮੰਨੇ ਜਾਣ ਦੀ ਹਾਲਤ ਵਿੱਚ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਜ਼ਿਲ੍ਹਾ ਆਗੂ ਸੰਦੀਪ ਖੱਤਰੀ, ਦੀਪਕ ਰੰਗਾ, ਪ੍ਰਿਤਪਾਲ ਕਲਵਾਣੂ, ਹੈਪੀ ਸਿੰਘ, ਗੁਰਪ੍ਰੀਤ ਛਬੀਲਪੁਰ, ਖੜਕਵੀਰ ਪਟਿਆਲਾ, ਗੌਰਵ ਸ਼ੁਤਰਾਣਾ ਤੇ ਜਸਵਿੰਦਰ ਗੁਲਾਹੜ ਹਾਜ਼ਰ ਸਨ।