ਡੀਸੀ ਵੱਲੋਂ ਘਨੌਰ ਬੀਡੀਪੀਓ ਦਫ਼ਤਰ ਦਾ ਦੌਰਾ
ਦਰਸ਼ਨ ਮਿੱਠਾ
ਘਨੌਰ, 2 ਜੁਲਾਈ
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਬੀਡੀਪੀਓ ਦਫ਼ਤਰ ਘਨੌਰ ਦਾ ਅਚਾਨਕ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਦਫ਼ਤਰ ਦੀ ਸਾਫ਼-ਸਫ਼ਾਈ ਤੇ ਰਜਿਸਟਰਾਂ ਵਿੱਚ ਰਿਕਾਰਡ ਦੀ ਸੰਭਾਲ ਚੰਗੀ ਤਰ੍ਹਾਂ ਨਾ ਕੀਤੇ ਜਾਣ ਦਾ ਗੰਭੀਰ ਨੋਟਿਸ ਲਿਆ। ਉਨ੍ਹਾਂ ਬੀਡੀਪੀਓ, ਸੁਪਰਡੈਂਟ, ਲੇਖਾਕਾਰ, ਪੰਚਾਇਤ ਸਕੱਤਰਾਂ, ਏਪੀਓ, ਮਗਨਰੇਗਾ ਕਰਮਚਾਰੀਆਂ ਅਤੇ ਹੋਰ ਅਮਲੇ ਨੂੰ ਹਦਾਇਤ ਕੀਤੀ ਕਿ ਪਿੰਡਾਂ ਦੇ ਵਿਕਾਸ ਕਾਰਜਾਂ ਸਮੇਤ ਲੋਕਾਂ ਦੇ ਕੰਮਾਂ ਦੇ ਨਿਬੇੜੇ ਵਿੱਚ ਕੋਈ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਏਡੀਸੀ ਦਿਹਾਤੀ ਵਿਕਾਸ ਅਮਰਿੰਦਰ ਸਿੰਘ ਟਿਵਾਣਾ ਅਤੇ ਐੱਸਡੀਐੱਮ ਰਾਜਪੁਰਾ ਅਵਿਕੇਸ਼ ਗੁਪਤਾ ਵੀ ਮੌਜੂਦ ਸਨ।
ਡਾ. ਪ੍ਰੀਤੀ ਯਾਦਵ ਨੇ ਬੀਡੀਪੀਓ ਦਫ਼ਤਰ ਦਾ ਜਾਇਜ਼ਾ ਲੈਂਦਿਆਂ ਹਾਜ਼ਰੀ ਰਜਿਸਟਰ, ਪੰਦ੍ਹਰਵੇਂ ਵਿੱਤ ਕਮਿਸ਼ਨ ਦਾ ‘ਕੇ’ ਰਜਿਸਟਰ, ਲੇਖਾ ਰਿਕਾਰਡ, ਵਰਤੋਂ ਸਰਟੀਫਿਕੇਟਾਂ ਦਾ ਵੇਰਵਾ, ਪੰਜਾਬ ਨਿਰਮਾਣ ਕਾਰਜਾਂ ਦੇ ਵਰਤੋਂ ਸਰਟੀਫਿਕੇਟ, ਰਸੀਦ ਤੇ ਡਿਸਪੈਚ ਰਜਿਸਟਰ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਚਿੱਠੀ ਪੱਤਰਾਂ ਦੇ ਨਿਬੇੜੇ ਲਈ ਗੋਸ਼ਵਾਰਾ ਨਾ ਹੋਣ ਦਾ ਵੀ ਨੋਟਿਸ ਲਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਤਾੜਨਾ ਕੀਤੀ ਕਿ ਰਿਕਾਰਡ ਵਿੱਚ ਊਣਤਾਈ ਹੋਣ ’ਤੇ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਪਿੰਡਾਂ ਦੇ ਓਡੀਐੱਫ ਸਟੇਟਸ, ਛੱਪੜਾਂ ਦੀ ਸਫ਼ਾਈ, ਮਗਨਰੇਗਾ ਕੰਮਾਂ ਬਾਬਤ ਬਿੱਲਾਂ ਸਮੇਤ ਮਗਨਰੇਗਾ ਕਾਮਿਆਂ ਦੀ ਦਿਹਾੜੀ ਦਾ ਭੁਗਤਾਨ, ਮੈਟੀਰੀਅਲ ਦੀ ਖ਼ਰੀਦ ਤੇ ਅਦਾਇਗੀ, ਕੈਸ਼-ਬੁੱਕ, ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਾਉਣ ਅਤੇ ਹੋਰ ਸਬੰਧਿਤ ਮੁੱਦਿਆਂ ਦੀ ਵੀ ਸਮੀਖਿਆ ਕੀਤੀ। ਉਨ੍ਹਾਂ ਨੇ ਮਗਨਰੇਗਾ ਏਪੀਓ ਅਤੇ ਪੰਚਾਇਤ ਸਕੱਤਰਾਂ ਤੋਂ ਉਨ੍ਹਾਂ ਦੇ ਕੰਮਾਂ ਤੇ ਕਾਰਵਾਈ ਰਜਿਸਟਰਾਂ ਬਾਬਤ ਪੁੱਛ-ਪੜਤਾਲ ਕੀਤੀ।