ਗੁਰਨਾਮ ਸਿੰਘ ਅਕੀਦਾ
ਪਟਿਆਲਾ, 10 ਜੁਲਾਈ
ਪਟਿਆਲਾ ਵਿੱਚ ਨਹਿਰੀ ਪਾਣੀ ਦੀ ਸਪਲਾਈ ਲਈ ਪੁੱਟੀਆਂ ਸੜਕਾਂ ਦੀ ਕਈ ਇਲਾਕਿਆਂ ਵਿੱਚ ਮੁਰੰਮਤ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ ਹਨ। ਅੱਜ ਇਸੇ ਤਹਿਤ ਪਟਿਆਲਾ ਦੀ ਡੀਸੀ ਪ੍ਰੀਤੀ ਯਾਦਵ ਨੇ ਸੜਕਾਂ ਦੀ ਮੁਰੰਮਤ ਦੇ ਕੰਮ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਲੋਕ ਨਿਰਮਾਣ ਵਿਭਾਗ ਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਲ ਸਪਲਾਈ ਤੇ ਸੀਵਰੇਜ ਬੋਰਡ ਵੱਲੋਂ ਐਲਐਂਡਟੀ ਦੁਆਰਾ ਪਾਈਪਲਾਈਨ ਪਾਏ ਜਾਣ ਦੇ ਕੰਮ ਦੇ ਮੁਕੰਮਲ ਹੋਣ ਦੀ ਐੱਨਓਸੀ ਮਿਲਣ ਦੇ ਤੁਰੰਤ ਬਾਅਦ ਸੜਕਾਂ ਦੀ ਮੁਰੰਮਤ ਦੇ ਟੈਂਡਰ ਲਗਾ ਦਿੱਤੇ ਜਾਣ ਅਤੇ ਕੰਮ ਨੂੰ ਤੇਜ਼ੀ ਨਾਲ ਮੁਕੰਮਲ ਕਰਵਾਇਆ ਜਾਣਾ ਯਕੀਨੀ ਬਣਾਇਆ ਜਾਵੇ। ਡੀਸੀ ਨੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਚੌਕ, ਜੇਲ੍ਹ ਰੋਡ ਤ੍ਰਿਪੜੀ ਮੋੜ ਤੋਂ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਤੇ ਸਰਹਿੰਦ ਰੋਡ ਤੋਂ ਖੰਡਾ ਚੌਕ, ਖੰਡਾ ਚੌਕ ਤੋਂ ਲਹਿਲ ਚੌਕ, ਲੀਲਾ ਭਵਨ ਚੌਕ ਤੇ ਇਸ ਤੋਂ ਅੱਗੇ ਫੁਹਾਰਾ ਚੌਕ ਸਮੇਤ ਫੁਹਾਰਾ ਚੌਕ ਤੋਂ ਕਾਲੀ ਦੇਵੀ ਮੰਦਿਰ ਤੱਕ ਸੜਕਾਂ ’ਚ ਪਾਈਪਲਾਈਨ ਪਾਏ ਜਾਣ ਦੇ ਕੰਮ ਦਾ ਮੁਲਾਂਕਣ ਕੀਤਾ। ਉਨ੍ਹਾਂ ਨੇ ਆਦੇਸ਼ ਦਿੱਤੇ ਕਿ ਸੜਕਾਂ ਤੇ ਚੌਕਾਂ ਦੀ ਮੁਰੰਮਤ ਸਮੇਂ ਇਸ ਗੱਲ ਦਾ ਖ਼ਾਸ ਖ਼ਿਆਲ ਰੱਖਿਆ ਜਾਵੇ ਕਿ ਸੜਕਾਂ ਬਣਾਉਣ ਸਮੇਂ ਬਰਸਾਤੀ ਪਾਣੀ ਦੀ ਨਿਕਾਸੀ ਯਕੀਨੀ ਹੋਵੇ, ਨਾਜਾਇਜ਼ ਕਬਜ਼ੇ ਹਟਾਏ ਜਾਣ, ਸੜਕ ਕਿਨਾਰੇ ਬਿਜਲੀ ਤੇ ਹੋਰ ਖੰਭੇ ਵੀ ਨਾ ਹੋਣ, ਜਿਸ ਦੀ ਆੜ ਹੇਠ ਕੋਈ ਰੈਂਪ, ਫੁੱਟਪਾਥ ਆਦਿ ਵਰਗਾ ਨਜਾਇਜ਼ ਕਬਜ਼ਾ ਕਰ ਸਕੇ, ਸੜਕਾਂ ਦੀ ਚੌੜਾਈ ਦੀ ਪੈਮਾਇਸ਼ ਪੂਰੀ ਹੋਵੇ, ਫੁੱਟਪਾਥ ਠੀਕ ਤਰ੍ਹਾਂ ਨਾਲ ਹੋਣ ਤੇ ਇਨ੍ਹਾਂ ਥੱਲੇ ਡਰੇਨੇਜ ਪਾਈਪਾਂ ਦਾ ਪ੍ਰਬੰਧ ਹੋਵੇ।