DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੈਬਨਿਟ ਮੰਤਰੀ ਵੱਲੋਂ ਨਦੀਆਂ-ਨਾਲਿਆਂ ਦੇ ਪਾਣੀ ਦੇ ਪੱਧਰ ਦੀ ਸਮੀਖਿਆ

ਪਟਿਆਲਾ ਸ਼ਹਿਰ ਦੇ ਨੀਵੇਂ ਖੇਤਰਾਂ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦਾ ਸਥਾਈ ਹੱਲ ਕੱਢਿਆ ਜਾਵੇਗਾ: ਬਲਬੀਰ ਸਿੰਘ
  • fb
  • twitter
  • whatsapp
  • whatsapp
Advertisement

ਗੁਰਨਾਮ ਸਿੰਘ ਅਕੀਦਾ

ਪਟਿਆਲਾ, 3 ਜੁਲਾਈ

Advertisement

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਤੇ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਕਰਕੇ ਪਟਿਆਲਾ ਜ਼ਿਲ੍ਹੇ ਵਿੱਚ ਵਹਿੰਦੇ ਘੱਗਰ ਦਰਿਆ ਸਮੇਤ ਟਾਂਗਰੀ, ਮਾਰਕੰਡਾ, ਮੀਰਾਂਪੁਰ ਚੋਅ ਤੇ ਪੱਚੀਦਰਾ ਵਿੱਚ ਪਾਣੀ ਦੇ ਪੱਧਰ ਦਾ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਦੀਆਂ-ਨਾਲਿਆਂ ਵਿੱਚ ਪਾਣੀ ਦੇ ਪੱਧਰ ਵਧਣ ’ਤੇ ਨਜ਼ਰ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਪਟਿਆਲਾ ਵਿੱਚ ਵਹਿਣ ਵਾਲੇ ਨਦੀਆਂ-ਨਾਲਿਆਂ ਦੇ ਕੈਚਮੈਂਟ ਖੇਤਰ ਵਿੱਚ ਭਰਵੀਂ ਬਰਸਾਤ ਹੋਣ ਕਾਰਨ ਕੁਝ ਨਦੀਆਂ ਵਿੱਚ ਪਾਣੀ ਦਾ ਪੱਧਰ ਵਧਿਆ ਹੈ ਪਰ ਖ਼ਤਰੇ ਵਾਲੀ ਕੋਈ ਗੱਲ ਨਹੀਂ ਹੈ। ਮੀਟਿੰਗ ਵਿੱਚ ਪੀਡੀਏ ਦੇ ਮੁੱਖ ਪ੍ਰਸ਼ਾਸਕ ਮਨੀਸ਼ਾ ਰਾਣਾ, ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਤੇ ਕੌਸਲਰ ਜਸਬੀਰ ਗਾਂਧੀ ਵੀ ਮੌਜੂਦ ਸਨ।

ਡਾ. ਬਲਬੀਰ ਸਿੰਘ ਨੇ ਪਟਿਆਲਾ ਸ਼ਹਿਰ ਦੇ ਨੀਵੇਂ ਖੇਤਰਾਂ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦੇ ਸਥਾਈ ਹੱਲ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਬਰਸਾਤ ਦੇ ਮੌਸਮ ਵਿੱਚ ਵੱਡੀ ਨਦੀ ਵਿੱਚ ਪਹਿਲਾਂ ਹੀ ਪਾਣੀ ਹੋਣ ਕਾਰਨ ਸ਼ਹਿਰ ਦਾ ਬਰਸਾਤੀ ਪਾਣੀ ਇਸ ਵਿੱਚ ਦਾਖਲ ਨਹੀਂ ਹੋ ਸਕਦਾ। ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਜਿਹੜੇ ਨੀਵੇਂ ਖੇਤਰਾਂ ਵਿੱਚ ਬਰਸਾਤਾਂ ਦੌਰਾਨ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਉਥੇ ਸਟਰੋਮ ਵਾਟਰ ਲਈ ਵੱਖਰੀ ਪਾਈਪ ਲਾਈਨ ਪਾ ਕੇ ਇਸ ਬਰਸਾਤੀ ਪਾਣੀ ਨੂੰ ਕਿਸੇ ਹੋਰ ਰਸਤੇ ਬਾਹਰ ਕੱਢਿਆ ਜਾਵੇ। ਸਿਹਤ ਮੰਤਰੀ ਨੇ ਸੀਵਰੇਜ ਬੋਰਡ ਦੇ ਅਧਿਕਾਰੀ ਪਾਸੋਂ ਵੱਡੀ ਨਦੀ ਦੇ ਡਿਸਚਾਰਜ ਅਤੇ ਲੱਗੇ ਰਹੇ ਐੱਸਟੀਪੀਜ਼ ਸਬੰਧੀ ਜਾਣਕਾਰੀ ਹਾਸਲ ਕੀਤੀ।

ਸੀਵਰੇਜ ਬੋਰਡ ਦੇ ਐਕਸੀਅਨ ਹਰਸ਼ਰਨਜੀਤ ਸਿੰਘ ਨੇ ਦੱਸਿਆ ਕਿ ਦੌਲਤਪੁਰ ਵਿਖੇ ਲੱਗ ਰਹੇ 15 ਐੱਮਐੱਲਡੀ ਦੇ ਐਸਟੀਪੀ ਰਾਹੀਂ ਵੱਡੀ ਨਦੀ ਵਿੱਚ ਪੈਣ ਵਾਲੇ ਗੰਦੇ ਪਾਣੀ ਨੂੰ ਟਰੀਟ ਕੀਤਾ ਜਾਵੇਗਾ। ਸੰਨੀ ਐਨਕਲੇਵ ਦੇ ਪਿਛਲੇ ਪਾਸੇ 26 ਐੱਮਐੱਲਡੀ ਦਾ ਸੀਵਰੇਜ ਟ੍ਰੀਟਮੈਂਟ ਪਲਾਂਟ ਲਗਾਇਆ ਜਾ ਰਿਹਾ ਹੈ ਜਿਸ ਵਿੱਚ 15 ਐੱਮਐੱਲਡੀ ਪੁੱਡਾ, 4 ਐੱਮਐੱਲਡੀ ਸਨੌਰ ਤੇ 2 ਐੱਮਐੱਲਡੀ ਹੋਰਨਾਂ ਕਲੋਨੀਆਂ ਦੇ ਸੀਵਰੇਜ ਨੂੰ ਟਰੀਟ ਕੀਤਾ ਜਾਵੇਗਾ। ਐਕਸੀਅਨ ਨੇ ਦੱਸਿਆ ਕਿ ਇਹ ਐਸਟੀਪੀ ਭਵਿੱਖ ਦੀਆਂ ਯੋਜਨਾਵਾਂ ਨੂੰ ਮੁੱਖ ਰੱਖਦਿਆਂ ਬਣਾਇਆ ਗਿਆ ਹੈ ਜਿਸ ਕਰਕੇ ਇਸ ਦੀ ਸਮਰੱਥਾ 5 ਐੱਮਐੱਲਡੀ ਵੱਧ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਐਸਟੀਪੀ ਅਕਤੂਬਰ ਤੱਕ ਮੁਕੰਮਲ ਕਰ ਲਏ ਜਾਣਗੇ।

‘ਰੰਗਲਾ ਪੰਜਾਬ ਫੰਡ ਨਾਲ ਪਟਿਆਲਾ ਦਿਹਾਤੀ ਦੇ 20 ਪਿੰਡਾਂ ਦੀ ਬਦਲੇਗੀ ਦਿੱਖ’

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਇਹ ਗੱਲ ਆਮ ਸੁਣਨ ਨੂੰ ਮਿਲਦੀ ਰਹੀ ਹੈ ਕਿ ਪਿੰਡ ਦੀ ਇਕ ਗਲੀ ਇਸ ਕਰਕੇ ਨਹੀਂ ਬਣੀ ਕਿ ਉਸ ਗਲੀ ਵਿੱਚ ਆਮ ਆਦਮੀ ਪਾਰਟੀ ਜਾ ਕਿਸੇ ਹੋਰ ਵਿਰੋਧੀ ਪਾਰਟੀ ਦੇ ਵੋਟਰ ਰਹਿੰਦੇ ਹਨ, ਪਰ ਹੁਣ ਪਿੰਡ ਦਾ ਵਿਕਾਸ ਬਿਨਾਂ ਕਿਸੇ ਪੱਖਪਾਤ ਦੇ ਕੀਤਾ ਜਾ ਰਿਹਾ ਹੈ। ਉਹ ਪੰਚਾਂ-ਸਰਪੰਚਾਂ ਨਾਲ ਮੀਟਿੰਗ ਦੌਰਾਨ ਬੋਲ ਰਹੇ ਸਨ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਪਿੰਡਾਂ ਕੋਲ ਮੌਜੂਦ ਪਹਿਲਾਂ ਫੰਡਾ ਤੋਂ ਇਲਾਵਾ ਪਟਿਆਲਾ ਦਿਹਾਤੀ ਹਲਕੇ ਦੇ 20 ਪਿੰਡਾਂ ਨੂੰ ਰੰਗਲਾ ਪੰਜਾਬ ਫ਼ੰਡ ਵਿੱਚੋਂ 1 ਕਰੋੜ 5 ਲੱਖ ਰੁਪਏ ਦੀ ਵਿਸ਼ੇਸ਼ ਗਰਾਂਟ ਵੀ ਦਿੱਤੀ ਗਈ ਹੈ, ਜੋ ਪਿੰਡਾਂ ਵਿੱਚ ਧਰਮਸ਼ਾਲਾ, ਐਲਈਡੀ ਲਾਈਟਾਂ, ਖੇਡ ਮੈਦਾਨ, ਸ਼ਮਸ਼ਾਨਘਾਟ, ਕਮਿਊਨਿਟੀ ਹਾਲ ਤੇ ਸ਼ੈੱਡ ਆਦਿ ਬਣਾਉਣ ’ਤੇ ਲਗਾਈ ਜਾਵੇਗੀ। ਉਨ੍ਹਾਂ ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਪਿੰਡ ਦੇ ਹਰੇਕ ਘਰ ਤੱਕ ਪੀਣ ਵਾਲਾ ਪਾਣੀ ਪਹੁੰਚਾਉਣ ਦੀ ਹਦਾਇਤ ਕਰਦਿਆਂ ਕਿਹਾ ਕਿ ਪੀਣ ਵਾਲਾ ਸ਼ੁੱਧ ਪਾਣੀ ਮਿਲਣ ਨਾਲ ਬਿਮਾਰੀਆਂ ਵਿੱਚ ਵੀ ਕਮੀ ਆਵੇਗੀ। ਇਸ ਮੌਕੇ ਪਿੰਡ ਰੋਹਟੀ ਛੰਨਾ ਵਾਸੀਆਂ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ 40 ਸਾਲ ਬਾਅਦ ਸਾਡੇ ਪਿੰਡ ਵਿਚੋਂ ਨਸ਼ਾ ਖ਼ਤਮ ਹੋਇਆ ਹੈ। ਇਸ ਮੌਕੇ ਪਿੰਡ ਸ਼ਾਮਲਾ, ਹਿਆਣਾ ਕਲਾਂ, ਹਿਆਣਾ ਖ਼ੁਰਦ, ਰੋਹਟੀ ਖ਼ਾਸ, ਮੰਡੌੜ, ਘਮਰੋਦਾ, ਰੋਹਟੀ ਛੰਨਾਂ, ਰੋਹਟਾ, ਰੋਹਟੀ ਮੌੜਾ, ਰੋਹਟੀ ਬਸਤਾ, ਇੱਛੇਵਾਲ, ਲਲੋਡਾ, ਰਾਮਗੜ੍ਹ ਛੰਨਾ, ਲੁਬਾਣਾ ਟੇਕੂ, ਲੁਬਾਣਾ ਕਰਮੂ, ਲੁਬਾਣਾ ਮਾਡਲ ਟਾਊਨ, ਕੈਦੂਪੁਰ, ਖ਼ੁਰਦ, ਧੰਗੇੜਾ ਤੇ ਅਜਨੌਦਾ ਖੁਰਦ ਪਿੰਡਾਂ ਦੇ ਪੰਚ-ਸਰਪੰਚ ਤੇ ਮੁਹਤਬਰ ਵਿਅਕਤੀਆਂ ਨੇ ਪਿੰਡਾਂ 'ਚ ਚੱਲ ਰਹੇ ਤੇ ਹੋਣ ਵਾਲੇ ਕੰਮਾਂ ਸਬੰਧੀ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨਾਲ ਚਰਚਾ ਕੀਤੀ। ਮੀਟਿੰਗ ਵਿੱਚ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਏਡੀਸੀ ਅਮਰਿੰਦਰ ਸਿੰਘ ਟਿਵਾਣਾ, ਐਸਡੀਐਮ ਕ੍ਰਿਪਾਲਵੀਰ ਸਿੰਘ, ਡੀਐਸਪੀ ਮਨਦੀਪ ਕੌਰ, ਕੌਸਲਰ ਜਸਬੀਰ ਗਾਂਧੀ, ਡੀਡੀਪੀਓ ਮਹਿੰਦਰਜੀਤ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

Advertisement
×