ਅਮਰੀਕੀ ਸੇਬ ’ਤੇ ਦਰਾਮਦ ਦਰ ਘਟਾਉਣ ਦੀ ਵੀ ਆਲੋਚਨਾ
ਸ਼ਿਮਲਾ, 13 ਸਤੰਬਰ
ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਕਿਹਾ ਕਿ ਮੰਡੀ ਦੇ ਸੰਸਦ ਮੈਂਬਰ ਪ੍ਰਤਿਭਾ ਸਿੰਘ ਸੰਸਦ ਦੇ ਵਿਸ਼ੇਸ਼ ਇਜਲਾਸ ਵਿੱਚ ਮੰਗ ਕਰਨਗੇ ਕਿ ਹਿਮਾਚਲ ਪ੍ਰਦੇਸ਼ ਵਿੱਚ ਹਾਲ ’ਚ ਹੀ ਆਈ ਬਿਪਤਾ ਨੂੰ ‘ਕੌਮੀ ਆਫ਼ਤ’ ਐਲਾਨਿਆ ਜਾਵੇ। ਹਾਲਾਂਕਿ, ਪ੍ਰਿਯੰਕਾ ਗਾਂਧੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਯਕੀਨ ਨਹੀਂ ਹੈ ਕਿ ਪ੍ਰਤਿਭਾ ਸਿੰਘ ਨੂੰ ਸੰਸਦ ਵਿੱਚ ਇਹ ਮੰਗ ਉਠਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਮੀਂਹਾਂ ਦੌਰਾਨ ਢਿੱਗਾਂ ਡਿੱਗਣ ਕਾਰਨ ਮਰਨ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਨਾਲ ਵੀ ਮੁਲਾਕਾਤ ਕੀਤੀ। ਕਾਂਗਰਸੀ ਆਗੂ ਨੇ ਅਮਰੀਕੀ ਸੇਬ ’ਤੇ ਦਰਾਮਦ ਦਰ ਘਟਾਉਣ ਦੇ ਸਰਕਾਰ ਦੇ ਕਦਮ ਦੀ ਆਲੋਚਨਾ ਵੀ ਕੀਤੀ। ਜ਼ਿਕਰਯੋਗ ਹੈ ਕਿ ਸੰਸਦ ਦਾ ਵਿਸ਼ੇਸ਼ ਇਜਲਾਸ 18 ਤੋਂ 22 ਸਤੰਬਰ ਤੱਕ ਹੋਣ ਜਾ ਰਿਹਾ ਹੈ।
ਇੱਥੋਂ ਦੇ ਆਪਣੇ ਦੌਰੇ ਦੌਰਾਨ ਸ਼ਿਵ ਮੰਦਰ ਵਾਲੇ ਸਥਾਨ ’ਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ‘‘ਅਸੀਂ ਨਹੀਂ ਜਾਣਦੇ ਹਾਂ ਕਿ ਇਹ ਇਜਲਾਸ ਕਿਸ ਬਾਰੇ ਸੱਦਿਆ ਗਿਆ ਹੈ ਅਤੇ ਪ੍ਰਤਿਭਾ ਸਿੰਘ ਨੂੰ ਇਸ ਦੌਰਾਨ ਹਿਮਾਚਲ ਦੀ ਬਿਪਤਾ ਨੂੰ ‘ਕੌਮੀ ਆਫ਼ਤ’ ਐਲਾਨਣ ਸਬੰਧੀ ਮੁੱਦਾ ਉਠਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਾਂ ਨਹੀਂ ਪਰ ਜੇਕਰ ਇਹ ਮੁੱਦਾ ਨਾ ਵੀ ਉਠਾਉਣ ਦਿੱਤਾ ਗਿਆ ਤਾਂ ਅਸੀਂ ਇਸ ਬਾਰੇ ਸਰਕਾਰ ਤੱਕ ਪਹੁੰਚ ਜ਼ਰੂਰ ਕਰਾਂਗੇ।’’
ਪ੍ਰਿਯੰਕਾ ਨੇ 14 ਅਗਸਤ ਨੂੰ ਸ਼ਿਵ ਮੰਦਰ ਵਿਖੇ ਢਿੱਗਾਂ ਡਿੱਗਣ ਕਾਰਨ ਮਰਨ ਵਾਲੇ 24 ਵਿਅਕਤੀਆਂ ਦੇ ਪਰਿਵਾਰਾਂ ਨਾਲ ਵੀ ਮੁਲਾਕਾਤ ਕੀਤੀ। ਕਾਂਗਰਸੀ ਆਗੂ ਨੇ ਕ੍ਰਿਸ਼ਨਾਨਗਰ ਦਾ ਦੌਰਾ ਕਰਕੇ ਬੇਘਰ ਹੋਏ ਪਰਿਵਾਰਾਂ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਕੌਮੀ ਮਾਰਗਾਂ ’ਤੇ ਆਵਾਜਾਈ ਦੀ ਬਹਾਲੀ ਵਰਗੇ ਅਜਿਹੇ ਮੁੱਦੇ ਹਨ ਜਿਨ੍ਹਾਂ ਦਾ ਹੱਲ ਸਿਰਫ ਕੌਮੀ ਸ਼ਾਹਰਾਹ ਅਥਾਰਿਟੀ ਵੱਲੋਂ ਹੀ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰੀ ਮੀਂਹ ਤੋਂ ਬਾਅਦ ਹੋਈ ਤਬਾਹੀ ਨੂੰ ਕੌਮੀ ਆਫ਼ਤ ਐਲਾਨੇ ਜਾਣ ਨਾਲ ਸੂਬੇ ਵਿੱਚ ਕੰਮ ਦੁਬਾਰਾ ਸ਼ੁਰੂ ਕਰਾਉਣ ਵਿੱਚ ਆਸਾਨੀ ਹੋਵੇਗੀ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ‘ਪਾਰਟੀ ਪੱਧਰ’ ਤੋਂ ਉੱਪਰ ਉੱਠ ਕੇ ਹਿਮਾਚਲ ਪ੍ਰਦੇਸ਼ ਦੀ ਮਦਦ ਕੀਤੀ ਜਾਵੇ।
ਅਮਰੀਕੀ ਸੇਬ ’ਤੇ ਦਰਾਮਦ ਦਰ ਘਟਾਉਣ ਦੇ ਸਰਕਾਰ ਦੇ ਕਦਮ ਦੀ ਆਲੋਚਨਾ ਕਰਦੇ ਹੋਏ ਪ੍ਰਿਯੰਕਾ ਨੇ ਕਿਹਾ ਕਿ ਕੇਂਦਰ ਨੂੰ ਸੂਬੇ ਵਿੱਚ ਹੋਏ ਨੁਕਸਾਨ ਬਾਰੇ ਪੂਰੀ ਜਾਣਕਾਰੀ ਨਹੀਂ ਹੈ। ਇਸ ਕਦਮ ਨਾਲ ਦਰਾਮਦ ਨੂੰ ਹੱਲਾਸ਼ੇਰੀ ਮਿਲੇਗੀ ਅਤੇ ਸਥਾਨਕ ਸੇਬ ਉਤਪਾਦਕਾਂ ’ਤੇ ਅਸਰ ਪਵੇਗਾ ਜੋ ਪਹਿਲਾਂ ਹੀ ਮੀਂਹ ਕਾਰਨ ਝੰਬੇ ਹੋਏ ਹਨ। ਪ੍ਰਿਯੰਕਾ ਗਾਂਧੀ ਇਸ ਵੇਲੇ ਕੁੱਲੂ, ਮੰਡੀ, ਸ਼ਿਮਲਾ ਅਤੇ ਸੋਲਨ ਜ਼ਿਲ੍ਹਿਆਂ ਦੇ ਮੀਂਹ ਪ੍ਰਭਾਵਿਤ ਖੇਤਰਾਂ ਦੇ ਦੋ ਰੋਜ਼ਾ ਦੌਰੇ ’ਤੇ ਹਨ। ਉਨ੍ਹਾਂ ਮੰਗਲਵਾਰ ਨੂੰ ਮੰਡੀ ਅਤੇ ਕੁੱਲੂ ਦਾ ਦੌਰਾ ਕੀਤਾ ਸੀ। -ਪੀਟੀਆਈ