ਵੋਟਰ ਉੱਥੇ ਹੀ ਰਜਿਸਟਰੇਸ਼ਨ ਕਰਾਉਣ ਜਿੱਥੇ ਉਹ ਰਹਿੰਦੇ ਹਨ: ਚੋਣ ਕਮਿਸ਼ਨ
ਨਵੀਂ ਦਿੱਲੀ, 1 ਜੁਲਾਈ
ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਅੱਜ ਕਿਹਾ ਕਿ ਯੋਗ ਨਾਗਰਿਕ ਆਪਣੇ ਆਪ ਨੂੰ ਸਿਰਫ਼ ਉਨ੍ਹਾਂ ਹਲਕਿਆਂ ਵਿੱਚ ਵੋਟਰ ਵਜੋਂ ਰਜਿਸਟਰ ਕਰਾਉਣ ਜਿੱਥੋਂ ਦੇ ਉਹ ਆਮ ਵਸਨੀਕ ਹਨ, ਨਾ ਕਿ ਉਸ ਥਾਂ ’ਤੇ ਜਿੱਥੇ ਉਨ੍ਹਾਂ ਦਾ ਘਰ ਹੈ। ਇੱਥੇ ਬੂਥ ਪੱਧਰ ਦੇ ਅਧਿਕਾਰੀਆਂ ਦੇ ਇੱਕ ਸਮੂਹ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘ਲੋਕ ਪ੍ਰਤੀਨਿਧ ਐਕਟ ਅਨੁਸਾਰ ਤੁਸੀਂ ਸਿਰਫ਼ ਉਸ ਵਿਧਾਨ ਸਭਾ ਹਲਕੇ ਵਿੱਚ ਵੋਟ ਪਾਉਣ ਦੇ ਹੱਕਦਾਰ ਹੋ, ਜਿੱਥੋਂ ਦੇ ਤੁਸੀਂ ਆਮ ਵਸਨੀਕ ਹੋ। ਮਿਸਾਲ ਵਜੋਂ ਜੇ ਤੁਸੀਂ ਆਮ ਤੌਰ ’ਤੇ ਦਿੱਲੀ ਵਿੱਚ ਰਹਿੰਦੇ ਹੋ ਪਰ ਪਟਨਾ ਵਿੱਚ ਇੱਕ ਘਰ ਦੇ ਮਾਲਕ ਹੋ ਤਾਂ ਤੁਹਾਡੀ ਵੋਟ ਦਿੱਲੀ ਵਿੱਚ ਰਜਿਸਟਰ ਹੋਣੀ ਚਾਹੀਦੀ ਹੈ ਨਾ ਕਿ ਪਟਨਾ ਵਿੱਚ।’
ਇਸੇ ਦੌਰਾਨ ਚੋਣ ਕਮਿਸ਼ਨ ਨੇ ਬਿਹਾਰ ’ਚ ਵੋਟਰ ਸੂਚੀ ਦੀ ਵਿਸ਼ੇਸ਼ ਮੁੜ ਪੜਤਾਲ ਨੂੰ ਲੈ ਕੇ ਕਾਂਗਰਸ ਦੀ ਮੰਗ ’ਤੇ ਵਿਰੋਧੀ ਧਿਰਾਂ ਦੇ ਵਫ਼ਦ ਨਾਲ ਸੱਦੀ ਮੀਟਿੰਗ ਮੁਲਤਵੀ ਕਰ ਦਿੱਤੀ ਹੈ ਕਿਉਂਕਿ ਹੁਣ ਤੱਕ ਕਿਸੇ ਵੀ ਪਾਰਟੀ ਨੇ ਆਪਣੀ ਹਾਜ਼ਰੀ ਦੀ ਪੁਸ਼ਟੀ ਨਹੀਂ ਕੀਤੀ ਹੈ। ਸੂਤਰਾਂ ਦੱਸਿਆ ਕਿ 30 ਜੂਨ ਨੂੰ ਭੇਜੀ ਗਈ ਇੱਕ ਈਮੇਲ ’ਚ ਕਾਂਗਰਸ ਨੇ ਵੋਟਰ ਸੂਚੀ ਦੀ ਸੋਧ ਸਬੰਧੀ ਕਵਾਇਦ ਦੇ ਸਬੰਧ ਵਿੱਚ ਕਈ ਸਿਆਸੀ ਪਾਰਟੀਆਂ ਵੱਲੋਂ ਦੋ ਜੁਲਾਈ ਨੂੰ ਚੋਣ ਕਮਿਸ਼ਨ ਨਾਲ ਤੁਰੰਤ ਮੀਟਿੰਗ ਦੀ ਮੰਗ ਕੀਤੀ ਸੀ। ਸੂਤਰਾਂ ਨੇ ਦੱਸਿਆ ਕਿ ਕਮਿਸ਼ਨ ਨੇ ਇਨ੍ਹਾਂ ਪਾਰਟੀਆਂ ਨੂੰ ਮੀਟਿੰਗ ਲਈ ਪੁਸ਼ਟੀ ਕਰਨ ਨੂੰ ਕਿਹਾ ਸੀ ਪਰ ਹੁਣ ਤੱਕ ਉਸ ਨੂੰ ਕਿਸੇ ਵੀ ਪਾਰਟੀ ਤੋਂ ਪੁਸ਼ਟੀ ਨਹੀਂ ਮਿਲੀ ਹੈ। ਇਸ ਲਈ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ। -ਪੀਟੀਆਈ