ਲਖਨਊ, 16 ਸਤੰਬਰ
ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਅੱਜ ਤੜਕੇ ਇੱਕ ਪੁਰਾਣੇ ਮਕਾਨ ਦੀ ਛੱਤ ਡਿੱਗਣ ਕਾਰਨ ਤਿੰਨ ਬੱਚਿਆਂ ਸਣੇ ਪਰਿਵਾਰ ਦੇ ਪੰਜ ਜੀਆਂ ਦੀ ਮੌਤ ਹੋ ਗਈ। ਇਹ ਹਾਦਸਾ ਆਲਮਬਾਗ ਪੁਲੀਸ ਥਾਣੇ ਅਧੀਨ ਪੈਂਦੀ ਆਨੰਦਨਗਰ ਰੇਲਵੇ ਕਲੋਨੀ ਵਿੱਚ ਵਾਪਰਿਆ। ਪੁਲੀਸ ਨੇ ਦੱਸਿਆ ਕਿ ਰੇਲਵੇ ਅਧਿਕਾਰੀਆਂ ਅਨੁਸਾਰ ਮਕਾਨ ਨੂੰ ਅਸੁਰੱਖਿਅਤ ਐਲਾਨਿਆ ਗਿਆ ਸੀ ਅਤੇ ਪਰਿਵਾਰ ਨੂੰ ਮਕਾਨ ਖ਼ਾਲੀ ਕਰਨ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਅਜਿਹਾ ਨਹੀਂ ਕੀਤਾ। ਐੱਸਐੱਚਓ ਸ਼ੰਕਰ ਮਹਾਦੇਵਨ ਨੇ ਦੱਸਿਆ ਕਿ ਜਦੋਂ ਸਤੀਸ਼ ਚੰਦਰ (40) ਅਤੇ ਉਸ ਦਾ ਪਰਿਵਾਰ ਸੌ ਰਿਹਾ ਸੀ ਤਾਂ ਮਕਾਨ ਦੀ ਛੱਤ ਡਿੱਗ ਗਈ। ਉਨ੍ਹਾਂ ਦੱਸਿਆ ਕਿ ਸਫ਼ਾਈ ਕਰਮੀਆਂ ਨੇ ਸਵੇਰੇ ਕਰੀਬ ਅੱਠ ਵਜੇ ਪੁਲੀਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ, ਜਿਸ ਮਗਰੋਂ ਪੁਲੀਸ ਅਤੇ ਐੱਨਡੀਆਰਐੱਫ ਦੀ ਟੀਮ ਮੌਕੇ ’ਤੇ ਪੁੱਜੀ। ਮ੍ਰਿਤਕਾਂ ਦੀ ਪਛਾਣ ਸਤੀਸ਼ ਚੰਦਰ (40), ਸਰੋਜਨੀ ਦੇਵੀ (35), ਹਰਸ਼ਿਤ (13), ਹਰਸ਼ਿਤਾ (10) ਅਤੇ ਅੰਸ਼ (ਪੰਜ) ਵਜੋਂ ਹੋਈ ਹੈ। -ਪੀਟੀਆਈ