ਨਵੀਂ ਦਿੱਲੀ, 23 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਜਨਸੰਘ ਦੇ ਬਾਨੀ ਪ੍ਰਧਾਨ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਅੱਜ ਉਨ੍ਹਾਂ ਦੀ ਬਰਸੀ ਮੌਕੇ ਸ਼ਰਧਾਂਜਲੀ ਭੇਟ ਕੀਤੀ ਅਤੇ ਕਿਹਾ ਕਿ ਰਾਸ਼ਟਰ ਨਿਰਮਾਣ ’ਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਮੋਦੀ ਨੇ ਕਿਹਾ ਕਿ ਮੁਖਰਜੀ ਨੇ ਦੇਸ਼ ਦੀ ਅਖੰਡਤਾ ਨੂੰ ਬਣਾਏ ਰੱਖਣ ਲਈ ਵਿਲੱਖਣ ਹੌਸਲੇ ਤੇ ਸ਼ਕਤੀ ਦਾ ਮੁਜ਼ਾਹਰਾ ਕੀਤਾ। ਮੁਖਰਜੀ ਹਿੰਦੂ ਮਹਾਸਭਾ ਨਾਲ ਜੁੜੇ ਹੋਏ ਸਨ। ਉਨ੍ਹਾਂ ਨੂੰ ਜਵਾਹਰ ਲਾਲ ਨਹਿਰੂ ਦੀ ਪ੍ਰਧਾਨਗੀ ਹੇਠਲੀ ਕੈਬਨਿਟ ’ਚ ਸ਼ਾਮਲ ਕੀਤਾ ਗਿਆ ਸੀ ਹਾਲਾਂਕਿ ਉਨ੍ਹਾਂ 1950 ’ਚ ਸਰਕਾਰ ਛੱਡ ਦਿੱਤੀ ਅਤੇ 1951 ’ਚ ਭਾਰਤੀ ਜਨ ਸੰਘ ਦੀ ਸਥਾਪਨਾ ਕੀਤੀ ਸੀ। ਸਾਲ 1953 ’ਚ ਜੰਮੂ ਕਸ਼ਮੀਰ ’ਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ।
ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਇਹ ਦੇਸ਼ ਹੁਣ ਇੱਕ ਸੰਵਿਧਾਨ ਤਹਿਤ ਇਕਜੁੱਟ ਹੈ ਤੇ ਇਹੀ ਉਨ੍ਹਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੈ। ਨੱਢਾ ਨੇ ਕਿਹਾ ਕਿ ਮੁਖਰਜੀ ਨੇ ‘ਦੋ ਵਿਧਾਨ, ਦੋ ਪ੍ਰਧਾਨ, ਦੋ ਨਿਸ਼ਾਨ’ ਖ਼ਿਲਾਫ਼ ਸੰਘਰਸ਼ ਸ਼ੁਰੂ ਕੀਤਾ ਸੀ ਜਿਸ ਦਾ ਸੰਦਰਭ ਜੰਮੂ ਕਸ਼ਮੀਰ ਦੇ ਵੱਖਰੇ ਸੰਵਿਧਾਨ, ਪ੍ਰਧਾਨ ਮੰਤਰੀ ਤੇ ਝੰਡੇ ਨਾਲ ਸੀ ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੇ ਅਗਸਤ 2019 ’ਚ ਧਾਰਾ 370 ਨੂੰ ਖਤਮ ਕਰਕੇ ਮੁਕੰਮਲ ਕਰ ਦਿੱਤਾ। ਇਸੇ ਤਰ੍ਹਾਂ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਤੇ ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਸਮੇਤ ਹੋਰ ਆਗੂਆਂ ਨੇ ਇੱਥੇ ਐੱਸਪੀ ਮੁਖਰਜੀ ਪਾਰਕ ਕਰਵਾਏ ਗਏ ਸਮਾਗਮ ਦੌਰਾਨ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਸ਼ਰਧਾਂਜਲੀ ਭੇਟ ਕੀਤੀ। -ਪੀਟੀਆਈ