ਮੁਕੱਦਮਿਆਂ ਦਾ ਦਹਾਕਿਆਂ ਤੱਕ ਚੱਲਣਾ ਵਿਲੱਖਣ ਚੁਣੌਤੀ: ਗਵਈ
ਹੈਦਰਾਬਾਦ, 12 ਜੁਲਾਈ
ਚੀਫ ਜਸਟਿਸ ਬੀਆਰ ਗਵਈ ਨੇ ਅੱਜ ਕਿਹਾ ਕਿ ਭਾਰਤੀ ਨਿਆਂ ਵਿਵਸਥਾ ਵਿਲੱਖਣ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਅਤੇ ਮੁਕੱਦਮਿਆਂ ਵਿੱਚ ਦੇਰ ਕਦੇ-ਕਦੇ ਦਹਾਕਿਆਂ ਤੱਕ ਚੱਲ ਸਕਦੀ ਹੈ। ਨਾਲਸਾਰ ਲਾਅ ਯੂਨੀਵਰਸਿਟੀ, ਹੈਦਰਾਬਾਦ ਦੇ ਡਿਗਰੀ ਵੰਡ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਜਸਟਿਸ ਗਵਈ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਸਕਾਲਰਸ਼ਿਪ ’ਤੇ ਵਿਦੇਸ਼ ਜਾ ਕੇ ਅਧਿਐਨ ਕਰਨ ਅਤੇ ਪਰਿਵਾਰ ’ਤੇ ਵਿੱਤੀ ਬੋਝ ਨਾ ਪਾਉਣ।
ਉਨ੍ਹਾਂ ਕਿਹਾ, ‘‘ਸਾਡਾ ਦੇਸ਼ ਅਤੇ ਨਿਆਂ ਵਿਵਸਥਾ ਵਿਲੱਖਣ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਮੁਕੱਦਮਿਆਂ ਵਿੱਚ ਦੇਰ ਕਦੇ-ਕਦੇ ਦਹਾਕਿਆਂ ਤੱਕ ਚੱਲ ਸਕਦੀ ਹੈ। ਅਸੀਂ ਅਜਿਹੇ ਮਾਮਲੇ ਦੇਖੇ ਹਨ, ਜਿੱਥੇ ਵਿਚਾਰਅਧੀਨ ਕੈਦੀ ਦੇ ਰੂਪ ਵਿੱਚ ਕਈ ਸਾਲ ਜੇਲ੍ਹ ਵਿੱਚ ਕੱਟਣ ਤੋਂ ਬਾਅਦ ਵੀ ਕੋਈ ਨਿਰਦੋਸ਼ ਪਾਇਆ ਗਿਆ ਹੈ। ਸਾਡੀਆਂ ਸਭ ਤੋਂ ਵਧੀਆ ਪ੍ਰਤਿਭਾਵਾਂ ਉਨ੍ਹਾਂ ਸਮੱਸਿਆਵਾਂ ਦਾ ਹੱਲ ਕਰਨ ਵਿੱਚ ਸਾਡੀ ਮਦਦ ਕਰ ਸਕਦੀਆਂ ਹਨ ਜਿਨ੍ਹਾਂ ਦਾ ਅਸੀਂ ਸਾਹਮਣਾ ਕਰ ਰਹੇ ਹਾਂ।’’ ਚੀਫ ਜਸਟਿਸ ਨੇ ਇਸ ਸਬੰਧ ਵਿੱਚ ਅਮਰੀਕਾ ਦੇ ਸੀਨੀਅਰ ਸੰਘੀ ਜ਼ਿਲ੍ਹਾ ਜੱਜ ਜੈੱਡ ਐੱਸ. ਰਕੌਫ ਦਾ ਹਵਾਲਾ ਦਿੱਤਾ। ਅਮਰੀਕੀ ਜੱਜ ਨੇ ਆਪਣੀ ਪੁਸਤਕ ‘ਕਿਉਂ ਨਿਰਦੋਸ਼ ਦੋਸ਼ੀ ਠਹਿਰਾਏ ਜਾਂਦੇ ਨੇ ਤੇ ਦੋਸ਼ੀ ਮੁਕਤ ਹੋ ਜਾਂਦੇ ਹਨ: ਅਤੇ ਸਾਡੀ ਆਪਾ ਵਿਰੋਧੀ ਟੁੱਟੀ ਕਾਨੂੰਨੀ ਵਿਵਸਥਾ’ ਵਿੱਚ ਲਿਖਿਆ ਸੀ, ‘‘ਹਾਲਾਂਕਿ ਮੈਂ ਇਸ ਨਤੀਜੇ ’ਤੇ ਪਹੁੰਚਿਆ ਹਾਂ ਕਿ ਸਾਡੀ ਨਿਆਂ ਵਿਵਸਥਾ ’ਚ ਸੁਧਾਰ ਦੀ ਸਖ਼ਤ ਲੋੜ ਹੈ, ਫਿਰ ਵੀ ਮੈਂ ਪੂਰੀ ਤਰ੍ਹਾਂ ਆਸਵੰਦ ਹਾਂ ਕਿ ਮੇਰੇ ਸਾਥੀ (ਨਾਗਰਿਕ) ਇਸ ਚੁਣੌਤੀ ਦਾ ਸਾਹਮਣਾ ਕਰਨਗੇ।’’ ਚੀਫ ਜਸਟਿਸ ਗਵਈ ਨੇ ਅਮਰੀਕੀ ਜੱਜ ਦੀ ਇਸ ਟਿੱਪਣੀ ਦਾ ਹਵਾਲਾ ਦਿੱਤਾ। ਇਸ ਤੋਂ ਇਲਾਵਾ, ਚੀਫ ਜਸਟਿਸ ਨੇ ਪਾਸ ਹੋਏ ਗ੍ਰੈਜੂਏਟ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਇਮਾਨਦਾਰੀ ਲਈ ਮਾਰਗਦਰਸ਼ਕਾਂ ਦੀ ਭਾਲ ਕਰਨ, ਨਾ ਕਿ ਉਨ੍ਹਾਂ ਦੇ ਪ੍ਰਭਾਵ ਦੇ ਇਸਤੇਮਾਲ ਲਈ। ਇਸ ਮੌਕੇ ਮੁੱਖ ਮੰਤਰੀ ਏ ਰੇਵੰਤ ਰੈੱਡੀ ਅਤੇ ਸੁਪਰੀਮ ਕੋਰਟ ਦੇ ਜੱਜ ਜਸਟਿਸ ਪੀਐੱਸ ਨਰਸਿਮ੍ਹਾ ਵੀ ਮੌਜੂਦ ਸਨ। ਤਿਲੰਗਾਨਾ ਹਾਈ ਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ ਸੁਜੌਏ ਪੌਲ ਨੇ ਡਿਗਰੀ ਵੰਡ ਸਮਾਰੋਹ ਦੀ ਪ੍ਰਧਾਨਗੀ ਕੀਤੀ। ਇਸੇ ਦੌਰਾਨ ਚੀਫ਼ ਜਸਟਿਸ ਬੀਆਰ ਗਵਈ ਨੇ ‘ਬਾਬਾ ਸਾਹਿਬ ਡਾ. ਬੀਆਰ ਅੰਬੇਡਕਰ - ਸੰਵਿਧਾਨ ਸਭਾ -ਭਾਰਤ ਦਾ ਸੰਵਿਧਾਨ’ ਦੇ ਸਿਰਲੇਖ ਵਾਲਾ ਇਕ ਵਿਸ਼ੇਸ਼ ਪੋਸਟਲ ਕਵਰ ਵੀ ਜਾਰੀ ਕੀਤਾ। -ਪੀਟੀਆਈ