ਲੜਕੀ ਤੋਂ 18 ਲੱਖ ਰੁਪਏ ਠੱਗਣ ਵਾਲੇ ਤਿੰਨ ‘ਫਰਜ਼ੀ’ ਜੋਤਸ਼ੀ ਗ੍ਰਿਫ਼ਤਾਰ
ਰਾਜ ਸਦੋਸ਼
ਅਬੋਹਰ, 4 ਜੁਲਾਈ
ਮੱਧ ਪ੍ਰਦੇਸ ਦੇ ਜਬਲਪੁਰ ਦੀ ਇੱਕ ਲੜਕੀ ਨੂੰ ਸੋਸ਼ਲ ਮੀਡੀਆ ’ਤੇ ਚੰਗੇ ਭਵਿੱਖ ਅਤੇ ਵਿਆਹ ਦਾ ਬਾਰੇ ਝਾਂਸਾ ਦੇ ਕੇ ਲਗਪਗ 18 ਲੱਖ ਰੁਪਏ ਠੱਗਣ ਦੇ ਦੋਸ਼ ਹੇਠ ਸ੍ਰੀ ਗੰਗਾਨਗਰ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਥਾਣਾ ਇੰਚਾਰਜ ਸੁਭਾਸ਼ ਚੰਦਰ ਨੇ ਦੱਸਿਆ ਕਿ ਵਾਸੂਦੇਵ ਸ਼ਾਸਤਰੀ ਉਰਫ਼ ਮਨੀਸ਼ ਕੁਮਾਰ, ਰਾਮਗੜ੍ਹ ਸ਼ੇਖਾਵਤੀ ਦੇ ਅੰਕਿਤ ਉਰਫ਼ ਰੁਦਰਾ ਸ਼ਰਮਾ ਅਤੇ ਰਾਜਗੜ੍ਹ ਦੇ ਪ੍ਰਮੋਦ ਭਾਰਗਵ ਉਰਫ਼ ਬਿੱਟੂ ਵਜੋਂ ਪਛਾਣੇ ਗਏ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਗਿਰੋਹ ਦਾ ਮੁੱਖ ਸਰਗਨਾ ਨਰੇਸ਼ ਉਰਫ਼ ਨਰਿੰਦਰ ਅਚਾਰੀਆ ਹੈ ਜੋ ਅੰਕਿਤ ਉਰਫ਼ ਰੁਦਰਾ ਸ਼ਰਮਾ ਦਾ ਪਿਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅਚਾਰੀਆ ਆਨਲਾਈਨ ਇਸ਼ਤਿਹਾਰ ਪਾਉਂਦਾ ਸੀ ਕਿ ਲੋਕ ਪੂਜਾ ਅਤੇ ਤੰਤਰ ਵਿੱਦਿਆ ਰਾਹੀਂ ਆਪਣੀਆਂ ਸਮੱਸਿਆਵਾਂ ਹੱਲ ਕਰ ਸਕਦੇ ਹਨ ਅਤੇ ਇੱਛਾਵਾਂ ਪੂਰੀਆਂ ਕਰ ਸਕਦੇ ਹਨ। ਇਸ ਬਹਾਨੇ ਲੱਖਾਂ ਰੁਪਏ ਠੱਗੇ ਗਏ ਸਨ।
ਇੰਸਟਾਗ੍ਰਾਮ ਇਸ਼ਤਿਹਾਰ ਦੇਖ ਕੇ ਆਈ ਝਾਂਸੇ ’ਚ
ਚੇਨੱਈ ਸਥਿਤ ਇੱਕ ਕੰਪਨੀ ਵਿੱਚ ਕੰਮ ਕਰ ਰਹੀ ਗਰਿਮਾ ਜੋਸ਼ੀ (24) ਐੱਮ.ਬੀ.ਏ. ਨੇ ਆਪਣੀ ਸ਼ਿਕਾਇਤ ਵਿੱਚ ਵਾਸੂਦੇਵ ਸ਼ਾਸਤਰੀ, ਗੌਤਮ ਸ਼ਾਸਤਰੀ, ਨਰਿੰਦਰ ਆਚਾਰੀਆ ਅਤੇ ਮਨੀਸ਼ 'ਤੇ ਲਗਭਗ 18 ਲੱਖ ਰੁਪਏ ਠੱਗਣ ਦਾ ਦੋਸ਼ ਲਗਾਇਆ ਹੈ। ਉਸ ਨੇ ਅਕਤੂਬਰ 2024 ਵਿੱਚ ਸ੍ਰੀ ਗੰਗਾਨਗਰ ਦਾ ਦੌਰਾ ਕੀਤਾ ਜਿਸ ਦੌਰਾਨ ਵਾਸੂਦੇਵ ਸ਼ਾਸਤਰੀ ਦੀ ਰੀਲ ਦੇਖੀ ਅਤੇ ਆਪਣੇ ਵਿਆਹ ਤੇ ਕਰੀਅਰ ਬਾਰੇ ਮੋਬਾਈਲ 'ਤੇ ਗੱਲ ਕੀਤੀ। ਉਸ ਨੇ ਦਾਅਵਾ ਕੀਤਾ ਕਿ ਉਸ ਨੇ ਅਜਿਹੇ ਕੰਮਾਂ ਲਈ ਸਿੱਧੀਆਂ ਪ੍ਰਾਪਤ ਕੀਤੀਆਂ ਹਨ ਅਤੇ ਉਸ ਨੂੰ ਪੂਜਾ ਕਰਕੇ ਉਪਾਅ ਕਰਨ ਲਈ ਕਿਹਾ।
ਜੋਸ਼ੀ ਨੇ ਦੱਸਿਆ, ‘‘ਸ਼ਾਸਤਰੀ ਨੇ 6 ਤੋਂ 8 ਅਕਤੂਬਰ 2024 ਦੌਰਾਨ ਉਸ ਤੋਂ 60 ਹਜ਼ਾਰ ਰੁਪਏ ਲਏ। ਇਸ ਤੋਂ ਬਾਅਦ ਉਸ ਨੇ ਮੈਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਕਿ ਜੇ ਪੂਜਾ-ਪਾਠ ਅੱਧ ਵਿਚਕਾਰ ਛੱਡ ਦਿੱਤਾ, ਤਾਂ ਪਰਿਵਾਰ ਵਿੱਚੋਂ ਕਿਸੇ ਦੀ ਮੌਤ ਯਕੀਨੀ ਹੈ। ਉਸ ਨੇ ਉਸ ਨੂੰ ਗੌਤਮ ਸ਼ਾਸਤਰੀ, ਨਰਿੰਦਰ ਆਚਾਰੀਆ ਅਤੇ ਮਨੀਸ਼ ਨਾਲ ਫ਼ੋਨ 'ਤੇ ਗੱਲ ਵੀ ਕਰਵਾਈ ਅਤੇ ਕਿਹਾ ਕਿ ਉਹ ਵੱਖ-ਵੱਖ ਦਿਸ਼ਾਵਾਂ ਵਿੱਚ ਬੈਠ ਕੇ ਉਸ ਲਈ ਪੂਜਾ-ਪਾਠ ਕਰਨਗੇ।’’
ਠੱਗੀ ਬਾਰੇ ਪਤਾ ਲੱਗਣ ’ਤੇ ਕੀਤੀ ਪੁਲੀਸ ਸ਼ਿਕਾਇਤ
ਜੋਸ਼ੀ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੇ 6 ਫਰਵਰੀ 2025 ਤੱਕ ਵੱਖ-ਵੱਖ ਯੂ.ਪੀ.ਆਈ. ਆਈ.ਡੀਜ਼ ਰਾਹੀਂ ਉਸ ਤੋਂ ਕੁੱਲ 15.48 ਲੱਖ ਰੁਪਏ ਆਨਲਾਈਨ ਲਏ, ਪਰ ਉਸ ਨੂੰ ਕਰੀਅਰ ਅਤੇ ਵਿਆਹ ਬਾਰੇ ਕੋਈ ਨਤੀਜਾ ਨਹੀਂ ਮਿਲਿਆ। ਜਦੋਂ ਉਸ ਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਸ਼ਾਸਤਰੀ ਅਤੇ ਉਸ ਦੇ ਸਾਥੀਆਂ ਨੇ ਭੱਦੀ ਸ਼ਬਦਾਲੀ ਵਰਤਦਿਆਂ ਅਤੇ ਤਬਾਹੀ ਦੀ ਧਮਕੀ ਦਿੱਤੀ।
ਬਾਅਦ ਵਿੱਚ ਉਸ ਨੂੰ ਪਤਾ ਲੱਗਾ ਕਿ ਉਹ ਫਰਜ਼ੀ ਬਾਬੇ ਹਨ, ਜੋ ਕਥਿਤ ਤੌਰ ’ਤੇ ਗਾਹਕਾਂ ਨੂੰ ਡਰਾ-ਧਮਕਾ ਕੇ ਪੈਸੇ ਵਸੂਲਦੇ ਹਨ। ਉਸ ਨੇ ਸ੍ਰੀ ਗੰਗਾਨਗਰ ਪੁਲੀਸ ਨੂੰ ਡਾਕ ਰਾਹੀਂ ਸ਼ਿਕਾਇਤ ਭੇਜੀ, ਜਿਸ ਦੀ ਜਾਂਚ ਕੀਤੀ ਗਈ। ਇਹ ਸਾਹਮਣੇ ਆਇਆ ਕਿ ਸ਼ੱਕੀਆਂ ਅਤੇ ਉਨ੍ਹਾਂ ਦੇ ਜਾਣਕਾਰਾਂ ਦੇ ਬੈਂਕ ਖਾਤਿਆਂ ਵਿੱਚ ਆਨਲਾਈਨ ਲੈਣ-ਦੇਣ ਰਾਹੀਂ ਪੈਸੇ ਜਮ੍ਹਾਂ ਕਰਵਾਏ ਗਏ ਸਨ।
ਸਾਰੇ ਸ਼ੱਕੀ ਪੁਲੀਸ ਦੀ ਗ੍ਰਿਫਤ ’ਚ
ਪੁਲੀਸ ਨੇ ਦੱਸਿਆ ਕਿ ਜਿਵੇਂ ਹੀ ਸ਼ੱਕੀਆਂ ਨੂੰ ਸ੍ਰੀ ਗੰਗਾਨਗਰ ਵਿੱਚ ਗਰਿਮਾ ਜੋਸ਼ੀ ਵੱਲੋਂ ਉਨ੍ਹਾਂ ਵਿਰੁੱਧ ਕੇਸ ਦਰਜ ਕਰਵਾਉਣ ਬਾਰੇ ਪਤਾ ਲੱਗਾ ਤਾਂ ਉਹ ਸਾਰੇ ਫਰਾਰ ਹੋ ਗਏ ਅਤੇ ਆਪਣੀਆਂ ਥਾਵਾਂ ਬਦਲਦੇ ਰਹੇ। ਪਰ ਪੁਲੀਸ ਵੱਲੋ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ। ਗ੍ਰਿਫ਼ਤਾਰ ਕੀਤੇ ਗਏ ਸ਼ੱਕੀ ਸ੍ਰੀ ਗੰਗਾਨਗਰ ਪੁਲੀਸ ਦੀ ਹਿਰਾਸਤ ਵਿੱਚ ਹਨ। ਅਧਿਕਾਰੀਆਂ ਅਨੁਸਾਰ ਪੀੜਤ ਲੜਕੀ ਤੋਂ ਠੱਗੀ ਗਈ ਰਕਮ ਵਾਪਸ ਲੈਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।