ਸਦਨ ’ਚ ਵਿਘਨ ਨਾ ਪਾਇਆ ਜਾਵੇ: ਬਿਰਲਾ
ਗੁਰੂਗ੍ਰਾਮ, 3 ਜੁਲਾਈ
ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸੰਸਦ ਦਾ ਮੌਨਸੂਨ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਅੱਜ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਸਦਨ ਦੀ ਕਾਰਵਾਈ ਵਿੱਚ ਵਿਘਨ ਨਹੀਂ ਪਾਉਣਾ ਚਾਹੀਦੈ। ਉਨ੍ਹਾਂ ਕਿਹਾ ਕਿ ਅਜੋਕਾ ਸਮਾਂ ਪੁਰਾਣੀਆਂ ਰਵਾਇਤਾਂ ਨੂੰ ਬਦਲਣ ਦਾ ਹੈ। ਇੱਥੇ ਸਥਾਨਕ ਸਰਕਾਰਾਂ ਦੀ ਕੌਮੀ ਪੱਧਰੀ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਬਿਰਲਾ ਨੇ ਕਿਹਾ ਕਿ ਜਿਹੜੀਆਂ ਪਾਰਟੀਆਂ ਸਦਨ ਦੀ ਕਾਰਵਾਈ ਵਿੱਚ ਵਿਘਨ ਪੈਦਾ ਕਰਨ ਦੀਆਂ ਕੋਸ਼ਿਸ਼ ਕਰਨਗੀਆਂ, ਜਨਤਾ ਉਨ੍ਹਾਂ ਨੂੰ ਜਵਾਬ ਦੇਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਮੌਜੂਦਾ ਲੋਕ ਸਭਾ (18ਵੀਂ ਲੋਕ ਸਭਾ) ਵਿੱਚ ਵਿਘਨ ਪਹਿਲਾਂ ਦੇ ਮੁਕਾਬਲੇ ਘੱਟ ਹੋਇਆ ਹੈ ਅਤੇ ਇਹ ਇਸ ਵਾਸਤੇ ਸੰਭਵ ਹੋਇਆ ਹੈ ਕਿਉਂਕਿ ਸਿਆਸੀ ਪਾਰਟੀਆਂ ਨੇ ਵਿਚਾਰ ਕੀਤਾ ਕਿ ਸਦਨ ਚੱਲਣਾ ਚਾਹੀਦਾ ਹੈ।
ਉਨ੍ਹਾਂ ਕਿਹਾ, ‘‘ਇਹ ਬਦਲਾਅ ਦਾ ਸਮਾਂ ਹੈ। ਜੇਕਰ ਸਾਨੂੰ ਲੋਕਤੰਤਰ ਨੂੰ ਮਜ਼ਬੂਤ ਕਰਨਾ ਹੈ ਅਤੇ ਲੋਕਤੰਤਰੀ ਸੰਸਥਾਵਾਂ ਨੂੰ ਜਵਾਬਦੇਹ ਬਣਾਉਣਾ ਹੈ, ਤਾਂ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਸਦਨ ਸਹੀ ਢੰਗ ਨਾਲ ਕੰਮ ਕਰਨ।’’ ਬਿਰਲਾ ਨੇ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ ਸਦਨ ਦੀ ਕਾਰਵਾਈ ਵਿੱਚ ਵਿਘਨ ਘੱਟ ਕਰਨ ਦੀਆਂ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ।
ਬਿਰਲਾ ਨੇ ਕਿਹਾ ਕਿ ਉਹ 2014, ਜਦੋਂ ਉਹ ਪਹਿਲੀ ਵਾਰ ਸਦਨ ਦੇ ਮੈਂਬਰ ਚੁਣੇ ਗਏ ਸਨ, ਤੋਂ ਲੋਕ ਸਭਾ ਦੀ ਕਾਰਵਾਈ ਦੇਖ ਰਹੇ ਹਨ। ਉਨ੍ਹਾਂ ਕਿਹਾ, ‘‘ਮੈਂਬਰ ਸਦਨ ਦੀ ਕਾਰਵਾਈ ਵਿੱਚ ਵਿਘਨ ਪਾਉਣ ਲਈ ਤਖ਼ਤੀਆਂ ਲੈ ਕੇ ਆਉਂਦੇ ਸੀ। 17ਵੀਂ ਲੋਕ ਸਭਾ (2019-2024) ਵਿੱਚ ਵੀ ਕੁਝ ਵੱਖਰੇ ਹਾਲਾਤ ਨਹੀਂ ਸਨ ਪਰ 18ਵੀਂ ਲੋਕ ਸਭਾ ਵਿੱਚ ਬਦਲਾਅ ਦਿਖ ਰਿਹਾ ਹੈ।’’ ਇਸ ਕਾਨਫ਼ਰੰਸ ਦੇ ਉਦਘਾਟਨ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਹਰਵਿੰਦਰ ਕਲਿਆਣ ਵੀ ਹਾਜ਼ਰ ਸਨ। -ਪੀਟੀਆਈ