ਕਰਨਾਟਕ ’ਚ ਮੁੱਖ ਮੰਤਰੀ ਬਦਲਣ ਬਾਰੇ ਕੋਈ ਚਰਚਾ ਨਹੀਂ ਹੋ ਰਹੀ: ਸਿਧਾਰਮੱਈਆ
ਨਵੀਂ ਦਿੱਲੀ, 10 ਜੁਲਾਈ
ਕਰਨਾਟਕ ਦੇ ਮੁੱਖ ਮੰਤਰੀ ਸਿਧਾਰਮੱਈਆ ਨੇ ਅਜਿਹੀਆਂ ਕਿਆਸਾਂ ਨੂੰ ਖਾਰਜ ਕਰ ਦਿੱਤਾ ਕਿ ਉਨ੍ਹਾਂ ਨੂੰ ਅਹੁਦੇ ਤੋਂ ਹਟਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਅਤੇ ਕਰਨਾਟਕ ਮਾਮਲਿਆਂ ਦੇ ਇੰਚਾਰਜ ਰਣਦੀਪ ਸੁਰਜੇਵਾਲਾ ਨੇ ਅਜਿਹੇ ਕਿਸੇ ਕਦਮ ਨੂੰ ਸਿਰੇ ਤੋਂ ਨਕਾਰਿਆ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਧਾਰਮੱਈਆ ਨੇ ਕਿਹਾ, ‘‘ਸੁਰਜੇਵਾਲਾ ਨੇ ਸਪੱਸ਼ਟ ਤੌਰ ’ਤੇ ਆਖਿਆ ਹੈ ਕਿ ਲੀਡਰਸ਼ਿਪ ’ਚ ਕੋਈ ਬਦਲਾਅ ਨਹੀਂ ਹੋਵੇਗਾ। ਲੀਡਰਸ਼ਿਪ ਬਦਲਣ ਦੇ ਮੁੱਦੇ ’ਤੇ ਕੋਈ ਚਰਚਾ ਨਹੀਂ ਹੋ ਰਹੀ ਹੈ। ਉਹ ਕਰਨਾਟਕ ਮਾਮਲਿਆਂ ਦੇ ਇੰਚਾਰਜ ਹਨ ਅਤੇ ਜਦੋਂ ਸੁਰਜੇਵਾਲਾ ਨੇ ਕਿਹਾ ਕਿ ਕੋਈ ਕਿਆਸ ਨਹੀਂ ਲਾਏ ਜਾਣੇ ਚਾਹੀਦੇ ਹਨ ਤਾਂ ਫਿਰ ਮੀਡੀਆ ਹਾਲੇ ਵੀ ਕਿਉਂ ਪਿੱਛੇ ਪਿਆ ਹੋਇਆ ਹੈ। ਇਸ ਬਾਰੇ ਪਾਰਟੀ ਅੰਦਰ ਵੀ ਕੋਈ ਚਰਚਾ ਨਹੀਂ ਹੋਈ ਹੈ।’’ ਮੁੱਖ ਮੰਤਰੀ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਦਾ ਫ਼ੈਸਲਾ ਹੀ ਅੰਤਿਮ ਹੋਵੇਗਾ। ਉਨ੍ਹਾਂ ਕਿਹਾ ਕਿ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਨੇ ਵੀ ਕਿਹਾ ਹੈ ਕਿ ਮੁੱਖ ਮੰਤਰੀ ਦਾ ਅਹੁਦਾ ਖਾਲੀ ਨਹੀਂ ਹੈ। ਉਧਰ ਕਾਂਗਰਸ ਦੇ ਐੱਮਐੱਲਸੀ ਅਤੇ ਸਿਧਾਰਮੱਈਆ ਦੇ ਪੁੱਤਰ ਯਤਿੰਦਰ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਪੰਜ ਸਾਲ ਦਾ ਆਪਣਾ ਕਾਰਜਕਾਲ ਪੂਰਾ ਕਰਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈ ਕਮਾਂਡ ਅਤੇ ਵਿਧਾਇਕਾਂ ਵੱਲੋਂ ਲੀਡਰਸ਼ਿਪ ’ਚ ਬਦਲਾਅ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਜਾਣਬੁੱਝ ਕੇ ਅਫ਼ਵਾਹਾਂ ਫੈਲਾ ਰਹੀ ਹੈ ਤਾਂ ਜੋ ਉਹ ਕਰਨਾਟਕ ’ਚ ਆਪਣੀਆਂ ਸਿਆਸੀ ਰੋਟੀਆਂ ਸੇਕ ਸਕੇ। -ਪੀਟੀਆਈ