ਜਸਟਿਸ ਸ਼ੇਖਰ ਕੁਮਾਰ ਯਾਦਵ ਨੂੰ ਹਟਾਉਣ ਦਾ ਮਾਮਲਾ ਲਟਕਿਆ
ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 29 ਜੂਨ
ਅਲਾਹਾਬਾਦ ਹਾਈ ਕੋਰਟ ਦੇ ਜਸਟਿਸ ਸ਼ੇਖਰ ਕੁਮਾਰ ਯਾਦਵ ਨੂੰ ਉਨ੍ਹਾਂ ਦੇ ਕਥਿਤ ਦੁਰਵਿਹਾਰ ਲਈ ਹਟਾਉਣ ਦੇ ਪ੍ਰਸਤਾਵ ਲਈ ਧਿਆਨ ਦਿਵਾਊ ਮਤਾ ਰਾਜ ਸਭਾ ਸਕੱਤਰੇਤ ਨੂੰ ਸੌਂਪੇ ਜਾਣ ਨੂੰ ਛੇ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਇਸ ਮਾਮਲੇ ’ਤੇ ਕੋਈ ਕਾਰਵਾਈ ਨਹੀਂ ਹੋਈ। ਇਸ ਮਤੇ ’ਤੇ 55 ਸੰਸਦ ਮੈਂਬਰਾਂ ਨੇ ਦਸਤਖਤ ਕੀਤੇ ਸਨ ਪਰ ਇਸ ਵਿਚੋਂ 45 ਸੰਸਦ ਮੈਂਬਰਾਂ ਨੇ ਹੀ ਆਪਣੇ ਦਸਤਖਤਾਂ ਨੂੰ ਤਸਦੀਕ ਕੀਤਾ ਹੈ ਤੇ ਬਾਕੀਆਂ ਦੀ ਪੁਸ਼ਟੀ ਨਾ ਹੋਣ ਕਾਰਨ ਇਹ ਮਾਮਲਾ ਲਟਕਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਇਕ ਸਮਾਗਮ ਵਿੱਚ ਜਸਟਿਸ ਯਾਦਵ ਨੇ ਕਥਿਤ ਤੌਰ ’ਤੇ ਯੂਨੀਫਾਰਮ ਸਿਵਲ ਕੋਡ (ਯੂਸੀਸੀ) ਦਾ ਸਮਰਥਨ ਕੀਤਾ ਸੀ ਅਤੇ ਮੁਸਲਮਾਨਾਂ ਖ਼ਿਲਾਫ਼ ਕੁਝ ਵਿਵਾਦਪੂਰਨ ਟਿੱਪਣੀਆਂ ਕੀਤੀਆਂ ਸਨ ਜਿਸ ਦੀ ਕਾਨੂੰਨੀ ਅਤੇ ਰਾਜਨੀਤਕ ਹਲਕਿਆਂ ਨੇ ਨਿਖੇਧੀ ਕੀਤੀ ਸੀ।
ਰਾਜ ਸਭਾ ਦੇ ਸੂਤਰਾਂ ਨੇ ਦੱਸਿਆ ਕਿ ਰਾਜ ਸਭਾ ਸਕੱਤਰੇਤ ਇਸ ਮਾਮਲੇ ਵਿੱਚ ਅੱਗੇ ਕਾਰਵਾਈ ਨਹੀਂ ਕਰ ਸਕਦਾ ਕਿਉਂਕਿ ਬਾਕੀ ਦੇ ਸੰਸਦ ਮੈਂਬਰਾਂ, ਜਿਨ੍ਹਾਂ ਵਿੱਚ ਆਜ਼ਾਦ ਸੰਸਦ ਮੈਂਬਰ ਕਪਿਲ ਸਿੱਬਲ ਵੀ ਸ਼ਾਮਲ ਹਨ, ਦੇ ਦਸਤਖਤਾਂ ਦੀ ਪੁਸ਼ਟੀ ਨਹੀਂ ਹੋਈ ਹੈ।