ਨਵੀਂ ਦਿੱਲੀ: ਵਿਰੋਧੀ ਪਾਰਟੀਆਂ ਦੇ ‘ਇੰਡੀਆ’ ਗੱਠਜੋੜ ਦੀ ਤਾਲਮੇਲ ਕਮੇਟੀ ਦੀ ਪਲੇਠੀ ਮੀਟਿੰਗ ਕੌਮੀ ਰਾਜਧਾਨੀ ਵਿੱਚ 13 ਸਤੰਬਰ ਨੂੰ ਹੋਵੇਗੀ। ਗੱਠਜੋੜ ਦੇ ਨੇਤਾਵਾਂ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮੀਟਿੰਗ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਮੁਖੀ ਸ਼ਰਦ ਪਵਾਰ ਦੀ ਰਿਹਾਇਸ਼ ’ਤੇ ਹੋਵੇਗੀ, ਜਿਸ ਵਿੱਚ ਗਠਜੋੜ ਦੀਆਂ ਰਣਨੀਤੀਆਂ ਅਤੇ ਭਵਿੱਖੀ ਪ੍ਰੋਗਰਾਮ ਤੈਅ ਕੀਤੇ ਜਾਣਗੇ। ਦੱਸਣਯੋਗ ਹੈ ਕਿ ਦੋ ਦਰਜਨ ਤੋਂ ਵੱਧ ਵਿਰੋਧੀ ਪਾਰਟੀਆਂ ਨੇ 2024 ਦੀਆਂ ਆਮ ਚੋਣਾਂ ’ਚ ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਐੱਨਡੀਏ ਦੇ ਟਾਕਰੇ ਲਈ ‘ਇੰਡੀਆ’ ਗੱਠਜੋੜ ਕਾਇਮ ਕੀਤਾ ਹੈ। ਇਸੇ ਦੌਰਾਨ ਤਾਲਮੇਲ ਕਮੇਟੀ ਮੈਂਬਰ ਅਤੇ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨੇ ਪ੍ਰਧਾਨ ਮੰਤਰੀ ਮੋਦੀ ’ਤੇ ਵਿਅੰਗ ਕੱਸਦਿਆਂ ਦਾਅਵਾ ਕੀਤਾ ਕਿ ਈਡੀ ਨੇ 13 ਸਤੰਬਰ ਨੂੰ ਮੀਟਿੰਗ ਵਾਲੇ ਦਿਨ ਪੇਸ਼ ਹੋਣ ਲਈ ਉਨ੍ਹਾਂ ਨੂੰ ਸੰਮਨ ਭੇਜਿਆ ਹੈ। ਅਭਿਸ਼ੇਕ ਨੇ ‘ਐਕਸ’ ’ਤੇ ਪੋਸਟ ਕੀਤਾ, ‘‘‘ਇੰਡੀਆ’ ਗੱਠਜੋੜ ਦੀ ਤਾਲਮੇਲ ਕਮੇਟੀ, ਦੀ ਪਹਿਲੀ ਮੀਟਿੰਗ ਦਿੱਲੀ ਵਿੱਚ 13 ਸਤੰਬਰ ਨੂੰ ਹੋਣੀ ਹੈ, ਮੈਂ, ਜਿਸ ਵਿੱਚ ਮੈਂਬਰ ਹਾਂ। ਪਰ ਈਡੀ ਨੇ ਮੈਨੂੰ ਉਸੇ ਦਿਨ ਪੇਸ਼ ਹੋਣ ਲਈ ਨੋਟਿਸ ਦਿੱਤਾ ਹੈ। ਕੋਈ ਵੀ 56 ਇੰਚ ਛਾਤੀ ਵਾਲੇ ਮਾਡਲ ਦੀ ਬੁਜ਼ਦਿਲੀ ਅਤੇ ਖੋਖਲੇਪਣ ਨੂੰ ਦੇਖ ਕੇ ਹੈਰਾਨ ਹੋਏ ਬਿਨਾਂ ਨਹੀਂ ਰਹਿ ਸਕਦਾ।’’ -ਪੀਟੀਆਈ