ਦੇਸ਼ ਸਾਵਰਕਰ ਦੀ ਬਹਾਦਰੀ ਤੇ ਸੰਘਰਸ਼ ਨੂੰ ਕਦੇ ਨਹੀਂ ਭੁੱਲ ਸਕਦਾ: ਮੋਦੀ
ਨਵੀਂ ਦਿੱਲੀ, 28 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿੰਦੂਵਾਦੀ ਵਿਚਾਰਕ ਵੀਰ ਸਾਵਰਕਰ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਅੱਜ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਧੰਨਵਾਦੀ ਦੇਸ਼ ਉਨ੍ਹਾਂ ਦੀ ਬਹਾਦਰੀ ਅਤੇ ਸੰਘਰਸ਼ ਦੀ ਕਹਾਣੀ ਨੂੰ ਕਦੇ ਨਹੀਂ ਭੁੱਲ ਸਕਦਾ। ਉਨ੍ਹਾਂ ਨੂੰ ‘ਭਾਰਤ ਮਾਤਾ’ ਦਾ ਸੱਚਾ ਸਪੁੱਤਰ ਦੱਸਦੇ ਹੋਏ ਮੋਦੀ ਨੇ ਕਿਹਾ ਕਿ ਬਸਤੀਵਾਦੀ ਬਰਤਾਨਵੀ ਸੱਤਾ ਦੇ ਸਭ ਤੋਂ ਸਖ਼ਤ ਤਸੀਹੇ ਵੀ ਮਾਤਭੂਮੀ ਪ੍ਰਤੀ ਉਨ੍ਹਾਂ ਦੇ ਸਮਰਪਣ ਨੂੰ ਘੱਟ ਨਹੀਂ ਕਰ ਸਕੇ ਅਤੇ ਉਨ੍ਹਾਂ ਦਾ ਬਲੀਦਾਨ ਤੇ ਵਚਨਬੱਧਤਾ ਵਿਕਸਤ ਭਾਰਤ ਦੇ ਨਿਰਮਾਣ ਲਈ ਇਕ ਮਸ਼ਾਲ ਦੇ ਰੂਪ ਵਿੱਚ ਕੰਮ ਕਰੇਗੀ। ਸ੍ਰੀ ਮੋਦੀ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐੱਕਸ’ ਉੱਤੇ ਪਾਈ ਪੋਸਟ ਵਿੱਚ ਕਿਹਾ, ‘‘ਭਾਰਤ ਮਾਤਾ ਦੇ ਸੱਚੇ ਸਪੁੱਤਰ ਵੀਰ ਸਾਵਰਕਰ ਜੀ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਸ਼ਰਧਾਂਜਲੀ। ਵਿਦੇਸ਼ੀ ਹਕੂਮਤ ਦੇ ਸਖ਼ਤ ਤੋਂ ਸਖ਼ਤ ਤਸੀਹੇ ਵੀ ਮਾਤ ਭੂਮੀ ਪ੍ਰਤੀ ਉਨ੍ਹਾਂ ਦੀ ਸਮਰਪਣ ਭਾਵਨਾ ਨੂੰ ਘੱਟ ਨਹੀਂ ਕਰ ਸਕੇ। ਆਜ਼ਾਦੀ ਦੇ ਅੰਦੋਲਨ ਵਿੱਚ ਉਨ੍ਹਾਂ ਦੀ ਬਹਾਦਰੀ ਅਤੇ ਸੰਘਰਸ਼ ਦੀ ਕਹਾਣੀ ਨੂੰ ਧੰਨਵਾਦੀ ਦੇਸ਼ ਕਦੇ ਭੁੱਲ ਨਹੀਂ ਸਕਦਾ। ਦੇਸ਼ ਲਈ ਉਨ੍ਹਾਂ ਦਾ ਤਿਆਗ ਅਤੇ ਸਮਰਪਣ ਵਿਕਸਤ ਭਾਰਤ ਦੇ ਨਿਰਮਾਣ ਵਿੱਚ ਵੀ ਰਾਹ ਦਸੇਰਾ ਬਣਿਆ ਰਹੇਗਾ।’’
ਇਸੇ ਦੌਰਾਨ ਕੌਮੀ ਰਾਜਧਾਨੀ ਵਿੱਚ ਅੱਜ ਸੰਵਿਧਾਨ ਸਦਨ ਦੇ ਸੈਂਟਰਲ ਹਾਲ ਵਿੱਚ ਕੇਂਦਰੀ ਮੰਤਰੀਆਂ ਜੇਪੀ ਨੱਢਾ, ਪ੍ਰਤਾਪ ਰਾਓ ਜਾਧਵ ਤੇ ਮੁਰਲੀਧਰਨ ਮਹੋਲ ਤੋਂ ਇਲਾਵਾ ਲੋਕ ਸਭਾ ਸਪੀਕਰ ਓਮ ਬਿਰਲਾ ਤੇ ਰਾਜ ਸਭਾ ਦੇ ਉਪ ਸਭਾਪਤੀ ਹਰਿਵੰਸ਼ ਸਣੇ ਹੋਰਨਾਂ ਨੇ ਸਾਵਰਕਰ ਦੇ ਜਨਮ ਦਿਨ ਮੌਕੇ ਸ਼ਰਧਾਂਜਲੀਆਂ ਭੇਟ ਕੀਤੀਆਂ। -ਪੀਟੀਆਈ