ਤਿਲੰਗਾਨਾ ਹਾਦਸਾ: ਮੁੱਖ ਅਧਿਕਾਰੀਆਂ ਦੀ ਮੌਤ ਕਾਰਨ ਜਾਂਚ ਪ੍ਰਭਾਵਿਤ
ਹੈਦਰਾਬਾਦ/ਸੰਗਾਰੈੱਡੀ, 2 ਜੁਲਾਈ
ਇੱਥੋਂ ਨੇੜੇ ਸਥਿਤ ਦਵਾਈਆਂ ਦੀ ਕੰਪਨੀ ਸਿਗਾਚੀ ਇੰਡਸਟਰੀਜ਼ ਦੇ ਫਾਰਮਾ ਪਲਾਂਟ ਵਿੱਚ ਹੋਏ ਧਮਾਕੇ ਦੀ ਜਾਂਚ ਕਰ ਰਹੇ ਜਾਂਚਕਰਤਾਵਾਂ ਨੂੰ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਤਿੰਨ ਮੁੱਖ ਅਧਿਕਾਰੀ, ਜਿਹੜੇ ਅਹਿਮ ਡੇਟਾ ਮੁਹੱਈਆ ਕਰਵਾ ਸਕਦੇ ਸਨ, ਦੀ ਇਸ ਹਾਦਸੇ ਵਿੱਚ ਮੌਤ ਹੋ ਚੁੱਕੀ ਹੈ। ਇਸ ਘਟਨਾ ਦੇ ਸਬੰਧ ਵਿੱਚ ਫੈਕਟਰੀ ਪ੍ਰਬੰਧਨ ਖ਼ਿਲਾਫ਼ ਦਰਜ ਕੀਤੀ ਗਈ ਐੱਫਆਈਆਰ ਤੋਂ ਇਹ ਵੀ ਪਤਾ ਲੱਗਾ ਹੈ ਕਿ ਸਿਗਾਚੀ ਇੰਡਸਟਰੀਜ਼ ਲਿਮਿਟਡ ਵੱਲੋਂ ਪੁਰਾਣੀਆਂ ਮਸ਼ੀਨਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਸੀ ਅਤੇ ਕਾਮਿਆਂ ਨੂੰ ਜਬਰੀ ਇਨ੍ਹਾਂ ਨੂੰ ਚਲਾਉਣ ਲਈ ਮਜਬੂਰ ਕੀਤਾ ਜਾਂਦਾ ਸੀ। ਇਸ ਦਰਦਨਾਕ ਹਾਦਸੇ ਵਿੱਚ ਹੁਣ ਤੱਕ 40 ਮੁਲਾਜ਼ਮਾਂ ਦੀ ਮੌਤ ਹੋ ਚੁੱਕੀ ਹੈ ਅਤੇ ਕੰਪਨੀ ਨੇ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ ਇਕ-ਇਕ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਫੈਕਟਰੀਜ਼ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਫੈਕਟਰੀ ਦੇ ਮੈਨੇਜਰ, ਡੀਜੀਐੱਮ (ਉਤਪਾਦਨ) ਅਤੇ ਅਪਰੇਟਰ ਦੀ ਮੌਤ ਹੋਣ ਕਾਰਨ ਜਾਂਚ ਲਈ ਮਹੱਤਵਪੂਰਣ ਜਾਣਕਾਰੀ ਇਕੱਤਰ ਕਰਨ ਵਿੱਚ ਮੁਸ਼ਕਲ ਆ ਰਹੀ ਹੈ। ਅਧਿਕਾਰੀਆਂ ਨੂੰ ਜਾਂਚ ਪੂਰੀ ਕਰਨ ਵਿੱਚ ਤਰਕੀਬਨ ਪੰਦਰਾਂ ਦਿਨਾਂ ਦਾ ਸਮਾਂ ਲੱਗ ਸਕਦਾ ਹੈ। ਹਾਲਾਂਕਿ, ਅਧਿਕਾਰੀਆਂ ਨੇ ਕਿਹਾ ਕਿ ਉਹ ਜਾਂਚ ਜਲਦੀ ਤੋਂ ਜਲਦੀ ਮੁਕੰਮਲ ਕਰਨ ਲਈ ਵਚਨਬੱਧ ਹਨ। ਐੱਫਆਈਆਰ ਮੁਤਾਬਕ, ‘‘ਸ਼ਿਕਾਇਤਕਰਤਾ ਦੇ ਪਿਤਾ ਤੇ ਸਿਗਾਚੀ ਕੰਪਨੀ ਦੇ ਹੋਰ ਮੁਲਾਜ਼ਮਾਂ ਨੇ ਕੰਪਨੀ ਪ੍ਰਬੰਧਨ ਨੂੰ ਮਸ਼ੀਨਰੀ ਬਦਲਣ ਬਾਰੇ ਕਈ ਵਾਰ ਸੂਚਿਤ ਕੀਤਾ ਸੀ ਪਰ ਉਨ੍ਹਾਂ ਕੋਈ ਕਾਰਵਾਈ ਨਹੀਂ ਕੀਤੀ। -ਪੀਟੀਆਈ
ਸਰਕਾਰ ਨੇ ਜਾਂਚ ਲਈ ਮਾਹਿਰਾਂ ਦੀ ਕਮੇਟੀ ਬਣਾਈ
ਤਿਲੰਗਾਨਾ ਸਰਕਾਰ ਨੇ ਸਿਗਾਚੀ ਇੰਡਸਟਰੀਜ਼ ਲਿਮਿਟਡ ਦੇ ਫਾਰਮਾ ਪਲਾਂਟ ਵਿੱਚ ਹੋਏ ਧਮਾਕੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਅਤੇ ਉਸ ਨਾਲ ਸਬੰਧਤ ਘਟਨਾਵਾਂ ਦੀਆਂ ਕੜੀਆਂ ਸਥਾਪਤ ਕਰਨ ਲਈ ਅੱਜ ਮਾਹਿਰਾਂ ਦੀ ਇਕ ਕਮੇਟੀ ਗਠਿਤ ਕਰਨ ਦੇ ਹੁਕਮ ਜਾਰੀ ਕੀਤੇ। ਇਸ ਕਮੇਟੀ ਨੂੰ ਇਕ ਵਿਸਥਾਰਤ ਰਿਪੋਰਟ ਪੇਸ਼ ਕਰਨੀ ਹੈ ਅਤੇ ਉਸ ਨੂੰ ਰਿਪੋਰਟ ਵਿੱਚ ਵਿਸ਼ੇਸ਼ ਸੁਝਾਅ ਤੇ ਸਿਫ਼ਾਰਸ਼ਾਂ ਦੇਣੀਆਂ ਹਨ।
ਕੰਪਨੀ ਕੋਲ ਨਹੀਂ ਸੀ ਫਾਇਰ ਵਿਭਾਗ ਦੀ ਐੱਨਓਸੀ
ਸੰਗਾਰੈੱਡੀ ਜ਼ਿਲ੍ਹੇ ਵਿੱਚ ਦੋ ਦਿਨ ਪਹਿਲਾਂ ਹੋਏ ਧਮਾਕੇ ਦੀ ਲਪੇਟ ਵਿੱਚ ਆਏ ਸਿਗਾਚੀ ਇੰਡਸਟਰੀਜ਼ ਦੇ ਫਾਰਮਾ ਪਲਾਂਟ ਤੋਂ ਮਲਬਾ ਹਟਾਉਣ ਦਾ ਕੰਮ ਲਗਪਗ ਪੂਰਾ ਹੋ ਚੁੱਕਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਇਸ ਕੰਪਨੀ ਕੋਲ ਫੈਕਟਰੀ ਚਲਾਉਣ ਵਾਸਤੇ ਫਾਇਰ ਵਿਭਾਗ ਦੀ ਐੱਨਓਸੀ (ਇਤਰਾਜ਼ ਨਹੀਂ ਸਰਟੀਫਿਕੇਟ) ਵੀ ਨਹੀਂ ਸੀ, ਕਿਉਂਕਿ ਕੰਪਨੀ ਨੇ ਐੱਨਓਸੀ ਲਈ ਅਰਜ਼ੀ ਹੀ ਨਹੀਂ ਦਿੱਤੀ ਸੀ। -ਪੀਟੀਆਈ