ਸਹਿਕਾਰੀ ਖੇਤਰ ’ਚ ਤਕਨੀਕ ਤੇ ਲੋਕ ਹਿੱਤਾਂ ਨੂੰ ਤਰਜੀਹ ਦਿੱਤੀ ਜਾਵੇ: ਸ਼ਾਹ
ਆਨੰਦ (ਗੁਜਰਾਤ), 6 ਜੁਲਾਈ
ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਅੱਜ ਸਹਿਕਾਰੀ ਖੇਤਰ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕੰਮ ਦੇ ਸੱਭਿਆਚਾਰ ਵਿੱਚ ਸਫਲਤਾ ਹਾਸਲ ਕਰਨ ਲਈ ਪਾਰਦਰਸ਼ਤਾ, ਤਕਨਾਲੋਜੀ ਦੀ ਵਰਤੋਂ ਕਰਦਿਆਂ ਸਹਿਕਾਰੀ ਸੰਗਠਨਾਂ ਦੇ ਮੈਂਬਰਾਂ ਨੂੰ ਸਭ ਤੋਂ ਵੱਧ ਤਰਜੀਹ ਦੇਣ। ਸ਼ਾਹ ਨੇ ਸਹਿਕਾਰਤਾ ਮੰਤਰਾਲੇ ਦੇ ਚੌਥੇ ਸਥਾਪਨਾ ਦਿਵਸ ਮੌਕੇ ਇੱਥੇ ਅਮੂਲ ਡੇਅਰੀ ਦੇ ਕੰਪਲੈਕਸ ਵਿੱਚ ਕਰਵਾਏ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਇਹ ਟਿੱਪਣੀ ਕੀਤੀ। ਕੇਂਦਰੀ ਸਹਿਕਾਰਤਾ ਤੇ ਗ੍ਰਹਿ ਮੰਤਰੀ ਸ਼ਾਹ ਨੇ ਸਰਦਾਰ ਪਟੇਲ ਸਹਿਕਾਰੀ ਡੇਅਰੀ ਫੈਡਰੇਸ਼ਨ ਲਿਮਟਿਡ ਨਾਮਕ ਨਵ-ਗਠਿਤ ਬਹੁ-ਰਾਜੀ ਸਹਿਕਾਰੀ ਸੰਸਥਾ ਦਾ ਉਦਘਾਟਨ ਕੀਤਾ ਅਤੇ ਇਸ ਦਾ ਲੋਗੋ ਵੀ ਜਾਰੀ ਕੀਤਾ। ਉਨ੍ਹਾਂ ਕਿਹਾ, ‘‘ਸਾਨੂੰ ਤਿੰਨ ਚੀਜ਼ਾਂ ਮਜ਼ਬੂਤੀ ਨਾਲ ਲਾਗੂ ਕਰਨੀਆਂ ਹੋਣਗੀਆਂ। ਪਾਰਦਰਸ਼ਤਾ, ਤਕਨਾਲੋਜੀ ਅਤੇ ਸਹਿਕਾਰੀ ਸੰਸਥਾਵਾਂ ਦੇ ਮੈਂਬਰਾਂ ਨੂੰ ਸਾਰੀਆਂ ਗਤੀਵਿਧੀਆਂ ਦੇ ਕੇਂਦਰ ਵਿੱਚ ਰੱਖਣਾ।’’ ਸ਼ਾਹ ਨੇ ਕਿਹਾ ਕਿ ਪਾਰਦਰਸ਼ਤਾ ਦੀ ਕਮੀ ਕਾਰਨ ਸਹਿਯੋਗ ਦੀ ਭਾਵਨਾ ਨੂੰ ਨੁਕਸਾਨ ਪਹੁੰਚਦਾ ਹੈ। ਉਨ੍ਹਾਂ ਕਿਹਾ ਕਿ ਤਕਨਾਲੋਜੀ ਤੋਂ ਬਿਨਾਂ ਖੁਸ਼ਹਾਲੀ ਨਹੀਂ ਆ ਸਕਦੀ। ਸ਼ਾਹ ਨੇ ਕਿਹਾ ਕਿ ਗੁਜਰਾਤ ਵਿੱਚ ਨਮਕ ਸਹਿਕਾਰੀ ਕਮੇਟੀ ਦੀ ਸ਼ੁਰੂਆਤ ਸਮੇਤ ਦਸ ਪਹਿਲਕਦਮੀਆਂ ਇਸ ਸਮਾਗਮ ਦੌਰਾਨ ਸ਼ੁਰੂ ਕੀਤੀਆਂ ਗਈਆਂ ਹਨ ਅਤੇ ਇਸ ਨਾਲ ਅਮੂਲ ਵਰਗਾ ਮਜ਼ਬੂਤ ਬਰਾਂਡ ਬਣੇਗਾ। ਕੇਂਦਰੀ ਮੰਤਰੀ ਨੇ ਕਿਹਾ ਕਿ ਚਾਰ ਸਾਲ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਸਹਿਕਾਰਤਾ ਤੋਂ ਖੁਸ਼ਹਾਲੀ’ ਦੇ ਮੰਤਰ ਨਾਲ ਸਹਿਕਾਰਤਾ ਮੰਤਰਾਲੇ ਦੀ ਨੀਂਹ ਰੱਖੀ ਸੀ, ਜਿਸ ਨਾਲ ਸਹਿਕਾਰੀ ਵਿਵਸਥਾ ਵਿੱਚ ਨਵੀਂ ਜਾਨ ਪਈ ਹੈ। ਉਨ੍ਹਾਂ ਕਿਹਾ ਕਿ ਅਮੂਲ ਦਾ ਸਾਲਾਨਾ ਕਾਰੋਬਾਰ ਅਗਲੇ ਸਾਲ 80,000 ਕਰੋੜ ਰੁਪਏ ਤੋਂ ਵਧ ਕੇ ਇੱਕ ਲੱਖ ਕਰੋੜ ਰੁਪਏ ਤੱਕ ਪਹੁੰਚ ਜਾਵੇਗਾ। ਸ਼ਾਹ ਨੇ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਨ੍ਹਾਂ ਦੀ ਜੈਅੰਤੀ ਮੌਕੇ ਸ਼ਰਧਾਂਜਲੀ ਵੀ ਦਿੱਤੀ। -ਪੀਟੀਆਈ