ਚੇਨੱਈ, 7 ਸਤੰਬਰ
ਤਾਮਿਲ ਨਾਡੂ ਦੇ ਭਾਜਪਾ ਆਗੂਆਂ ਦਾ ਵਫ਼ਦ ਅੱਜ ਰਾਜਪਾਲ ਆਰਐੱਨ ਰਵੀ ਨੂੰ ਮਿਲਿਆ ਤੇ ਉਨ੍ਹਾਂ ਨੂੰ ਮੰਗ ਪੱਤਰ ਕੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਉਦੈਨਿਧੀ ਸਟਾਲਿਨ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨਾਲ ਹੀ ਮੰਤਰੀ ਪੀਕੇ ਸ਼ੇਖਰ ਬਾਬੂ ਨੂੰ ਵੀ ਬਰਖਾਸਤ ਕਰਨ ਦੀ ਮੰਗ ਕੀਤੀ ਜੋ ਉਸ ਕਾਨਫਰੰਸ ਦਾ ਹਿੱਸਾ ਸਨ ਜਿਸ ਵਿੱਚ ਸਟਾਲਿਨ ਨੇ ਸਨਾਤਨ ਧਰਮ ਖ਼ਿਲਾਫ਼ ਟਿੱਪਣੀ ਕੀਤੀ ਸੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਆਗੂ ਕਾਰੂ ਨਾਗਾਰਜੁਨ ਨੇ ਕਿਹਾ ਕਿ ਜੇਕਰ ਉਦੈਨਿਧੀ ਸਟਾਲਿਨ ਕਹਿੰਦੇ ਹਨ ਕਿ ਉਹ ਸਨਾਤਨ ਧਰਮ ਨੂੰ ਖਤਮ ਕਰ ਦੇਣਗੇ ਤਾਂ ਇਸ ਦਾ ਮਤਲਬ ਹੈ ਕਿ ਉਹ ਹਿੰਦੂ ਧਰਮ ਨੂੰ ਖਤਮ ਕਰਨ ਦਾ ਸੱਦਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਉਦੈਨਿਧੀ ਸਟਾਲਿਨ ਖ਼ਿਲਾਫ਼ ਕਾਰਵਾਈ ਲਈ ਰਾਜਪਾਲ ਨੂੰ ਮੰਗ ਪੱਤਰ ਸੌਂਪਿਆ ਹੈ। -ਪੀਟੀਆਈ
ਬਿਆਨਬਾਜ਼ੀ ‘ਘਮੰਡੀਆ ਗੱਠਜੋੜ’ ਦਾ ਹੰਕਾਰ: ਅਨੁਰਾਗ
ਨਵੀਂ ਦਿੱਲੀ: ਕੇਂਦਰੀ ਸੂਚਨਾ ਪ੍ਰਸਾਰਨ ਮੰਤਰੀ ਨੇ ਕਿਹਾ ਕਿ ਘਮੰਡੀਆ ਗੱਠਜੋੜ ਦੇ ਆਗੂਆਂ ਵੱਲੋਂ ਸਨਾਤਨ ਧਰਮ ਖ਼ਿਲਾਫ਼ ਕੀਤੀ ਜਾ ਰਹੀ ਹੋਛੀ ਬਿਆਨਬਾਜ਼ੀ ਉਨ੍ਹਾਂ ਦਾ ਹੰਕਾਰ ਹੈ ਅਤੇ ਉਨ੍ਹਾਂ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ, ‘ਉਹ ਹਿੰਦੂਆਂ ਦਾ ਅਪਮਾਨ ਕਰਦੇ ਹਨ। ਰਾਹੁਲ ਗਾਂਧੀ ਦੀ ਨਫਰਤ ਦੀ ਦੁਕਾਨ ’ਚ ਜੋ ਨਫਰਤੀ ਸਾਮਾਨ ਹੈ, ਉਹ ਵਿਰੋਧੀ ਗੱਠਜੋੜ ਦੇ ਨੇਤਾ ਵੇਚ ਰਹੇ ਹਨ।’ ਕੇਂਦਰੀ ਮੰਤਰੀ ਨੇ ਕਿਹਾ ਕਿ ਵਿਰੋਧੀ ਨੇਤਾ ਸਨਾਤਨ ਧਰਮ ਦਾ ਅਪਮਾਨ ਕਰਨ ਦਾ ਕੰਮ ਕਰ ਰਹੇ ਹਨ ਜਿਸ ਨੂੰ ਦੇਸ਼ ਕਦੀ ਸਵੀਕਾਰ ਨਹੀਂ ਕਰੇਗਾ। -ਪੀਟੀਆਈ