ਸ਼ਾਂਤੀ ਦਾ ਸਮਾਂ ਕੁਝ ਹੋਰ ਨਹੀਂ, ਸਗੋਂ ‘ਭਰਮ’ ਹੈ: ਰਾਜਨਾਥ
ਨਵੀਂ ਦਿੱਲੀ, 7 ਜੁਲਾਈ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ‘ਅਪਰੇਸ਼ਨ ਸਿੰਧੂਰ’ ਦੌਰਾਨ ਹਥਿਆਰਬੰਦ ਬਲਾਂ ਵੱਲੋਂ ਦਿਖਾਈ ਬਹਾਦਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ਼ਾਂਤੀ ਦਾ ਸਮਾਂ ‘ਭਰਮ’ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਸ਼ਾਂਤੀ ਦੇ ਸਮੇਂ ਦੌਰਾਨ ਵੀ ਬੇਯਕੀਨੀ ਵਾਲੇ ਮਾਹੌਲ ਲਈ ਤਿਆਰ ਰਹਿਣਾ ਚਾਹੀਦਾ ਹੈ। ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਰਾਜਨਾਥ ਨੇ ਕਿਹਾ ਕਿ ਅਪਰੇਸ਼ਨ ਦੌਰਾਨ ਮੁਲਕ ’ਚ ਬਣੇ ਉਪਕਰਨਾਂ ਅਤੇ ਪ੍ਰਣਾਲੀਆਂ ਦੇ ਪ੍ਰਦਰਸ਼ਨ ਨਾਲ ਭਾਰਤ ’ਚ ਬਣੇ ਫੌਜੀ ਸਾਜ਼ੋ-ਸਾਮਾਨ ਦੀ ਆਲਮੀ ਪੱਧਰ ’ਤੇ ਮੰਗ ਵਧ ਗਈ ਹੈ। ਉਨ੍ਹਾਂ ਕਿਹਾ, ‘‘ਦੁਨੀਆ ਸਾਡੇ ਰੱਖਿਆ ਖੇਤਰ ਨੂੰ ਨਵੇਂ ਨਜ਼ਰੀਏ ਨਾਲ ਦੇਖ ਰਹੀ ਹੈ। ਵਿੱਤੀ ਪ੍ਰਕਿਰਿਆਵਾਂ ’ਚ ਇਕ ਵੀ ਦੇਰੀ ਜਾਂ ਖਾਮੀ ਜੰਗੀ ਤਿਆਰੀਆਂ ’ਤੇ ਸਿੱਧਾ ਅਸਰ ਪਾ ਸਕਦੀ ਹੈ। ਪਹਿਲਾਂ ਜ਼ਿਆਦਾਤਰ ਉਪਰਕਨ ਦਰਾਮਦ ਹੁੰਦੇ ਸਨ ਪਰ ਹੁਣ ਭਾਰਤ ’ਚ ਬਣਾਏ ਜਾ ਰਹੇ ਹਨ। ਸਾਡੇ ਸੁਧਾਰ ਉਪਰਲੇ ਪੱਧਰ ’ਤੇ ਸਪੱਸ਼ਟ ਨਜ਼ਰੀਏ ਅਤੇ ਵਚਨਬੱਧਤਾ ਕਾਰਨ ਸਫ਼ਲ ਹੋ ਰਹੇ ਹਨ।’’ ਰੱਖਿਆ ਮੰਤਰੀ ਡਿਫੈਂਸ ਅਕਾਊਂਟਸ ਡਿਪਾਰਟਮੈਂਟ ਦੇ ਕੰਟਰੋਲਰਜ਼ ਦੀ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਰੱਖਿਆ ਵਿਭਾਗ ਨੂੰ ਰੱਖਿਆ ’ਚ ਪ੍ਰਾਈਵੇਟ ਸੈਕਟਰ ਦੀ ਵਧਦੀ ਭਾਈਵਾਲੀ ਨਾਲ ਤਾਲਮੇਲ ਬਣਾ ਕੇ ‘ਕੰਟਰੋਲਰ’ ਤੋਂ ‘ਸਹੂਲਤਦਾਤਾ’ ਬਣਨ ਦਾ ਸੱਦਾ ਦਿੱਤਾ। ਭੂ-ਸਿਆਸੀ ਹਾਲਾਤ ਦਾ ਜ਼ਿਕਰ ਕਰਦਿਆਂ ਰੱਖਿਆ ਮੰਤਰੀ ਨੇ ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਦੇ ਅਧਿਐਨ ਦਾ ਹਵਾਲਾ ਦਿੱਤਾ ਜਿਸ ’ਚ ਕਿਹਾ ਗਿਆ ਹੈ ਕਿ 2024 ’ਚ ਆਲਮੀ ਫੌਜੀ ਖ਼ਰਚਾ 2.7 ਲੱਖ ਕਰੋੜ ਡਾਲਰ ਤੱਕ ਪਹੁੰਚ ਗਿਆ। ਉਨ੍ਹਾਂ ਕਿਹਾ ਕਿ ਇਸ ਨਾਲ ਭਾਰਤ ਦੀਆਂ ਸਵਦੇਸ਼ੀ ਰੱਖਿਆ ਸਨਅਤਾਂ ਲਈ ਵੱਡੇ ਮੌਕੇ ਪੈਦਾ ਹੋਣਗੇ। ਉਨ੍ਹਾਂ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਸਿਰਫ਼ ਬਾਹਰੀ ‘ਆਡਿਟ’ ਜਾਂ ਸਲਾਹਕਾਰਾਂ ’ਤੇ ਨਿਰਭਰ ਰਹਿਣ ਦੀ ਬਜਾਏ ਸਵੈ-ਪੜਚੋਲ ਰਾਹੀਂ ਅੰਦਰੂਨੀ ਸੁਧਾਰ ਕਰਨ। -ਪੀਟੀਆਈ