‘ਇੱਕ ਦੇਸ਼ ਇੱਕ ਚੋਣ’ ਬਾਰੇ ਜੇਪੀਸੀ ਦੀ ਅਗਲੀ ਮੀਟਿੰਗ 30 ਨੂੰ
ਨਵੀਂ ਦਿੱਲੀ, 12 ਜੁਲਾਈ
‘ਇੱਕ ਦੇਸ਼, ਇੱਕ ਚੋਣ’ ਬਾਰੇ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਦੇ ਚੇਅਰਮੈਨ ਪੀਪੀ ਚੌਧਰੀ ਨੇ ਕਿਹਾ ਕਿ ਇਸ ਕਮੇਟੀ ਦੀ ਅਗਲੀ ਮੀਟਿੰਗ 30 ਜੁਲਾਈ ਨੂੰ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਅਗਲੀ ਮੀਟਿੰਗ ’ਚ ਜਸਟਿਸ ਰਾਜੇਂਦਰ ਮਲ ਲੋਢਾ ਤੇ ਜਸਟਿਸ ਸ਼ਰਦ ਅਰਵਿੰਦ ਬੋਬੜੇ ਨੂੰ ਵਿਚਾਰ ਪ੍ਰਗਟ ਕਰਨ ਲਈ ਸੱਦਿਆ ਜਾ ਸਕਦਾ ਹੈ। ਜੇਪੀਸੀ ਬਿੱਲ ਬਾਰੇ ਆਪਣੀਆਂ ਸਿਫਾਰਸ਼ਾਂ ਤਿਆਰ ਕਰਨ ਲਈ ਨਿਆਂ ਤੇ ਕਾਨੂੰਨ ਮਾਹਿਰਾਂ ਨਾਲ ਗੱਲਬਾਤ ਕਰ ਰਹੀ ਹੈ। ਚੌਧਰੀ ਨੇ ਕਿਹਾ, ‘ਕਮੇਟੀ ਇਸ ਮੁੱਦੇ ’ਤੇ ਬਹੁਤ ਗੰਭੀਰਤਾ ਨਾਲ ਚਰਚਾ ਕਰ ਰਹੀ ਹੈ ਅਤੇ ਸਾਬਕਾ ਚੀਫ ਜਸਟਿਸਾਂ ਸਮੇਤ ਵੱਖ ਵੱਖ ਕਾਨੂੰਨੀ ਮਾਹਿਰਾਂ ਨੇ ਸਾਨੂੰ ਇਹ ਸਮਝਣ ’ਚ ਮਦਦ ਕਰਨ ਲਈ ਆਪਣੀ ਰਾਏ ਦਿੱਤੀ ਹੈ ਕਿ ਕੀ ਇਹ ਵਿਚਾਰ ਸੰਵਿਧਾਨਕ ਢਾਂਚੇ ਅੰਦਰ ਫਿੱਟ ਬੈਠਦਾ ਹੈ।’ ਕਮੇਟੀ ਦੀ ਰਿਪੋਰਟ ਆਉਣ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਕੋਈ ਜਲਦੀ ਨਹੀਂ ਹੈ ਕਿਉਂਕਿ ਸਾਰੀਆਂ ਧਿਰਾਂ ਦੀ ਰਾਏ ਸੁਣੀ ਜਾਵੇਗੀ। ਉਨ੍ਹਾਂ ਕਿਹਾ ਹੈ ਕਿ ਇਸ ਸਬੰਧੀ ਅਗਲੀ ਮੀਟਿੰਗ 30 ਜੁਲਾਈ ਨੂੰ ਹੋ ਸਕਦੀ ਹੈ। -ਪੀਟੀਆਈ