ਭਾਰਤ ਨੂੰ ਅਕਾਦਮਿਕ ਮਹਾਸ਼ਕਤੀ ਬਣਾਏਗੀ ਕੌਮੀ ਸਿੱਖਿਆ ਨੀਤੀ: ਧਨਖੜ
ਮੁਜ਼ੱਫਰਨਗਰ, 24 ਜੂਨ
ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕੌਮੀ ਸਿੱਖਿਆ ਨੀਤੀ ਨੂੰ ‘ਸੱਭਿਅਤਾ ਦਾ ਜਾਗ੍ਰਿਤੀ ਕਾਲ’ ਕਰਾਰ ਦਿੰਦਿਆਂ ਕਿਹਾ ਕਿ ਇਹ ਨਵੀਂ ਨੀਤੀ ਭਾਰਤ ਨੂੰ ਅਕਾਦਮਿਕ ਮਹਾਸ਼ਕਤੀ ਵਜੋਂ ਸਥਾਪਤ ਕਰੇਗੀ। ਉੱਤਰੀ ਬਿਹਾਰ ਦੇ ਸ਼ਹਿਰ ਮੁਜ਼ੱਫਰਪੁਰ ਵਿੱਚ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘2020 ਵਿੱਚ ਬਣਾਈ ਨੀਤੀ ਹੁਨਰਮੰਦ ਪੇਸ਼ੇਵਰਾਂ, ਸੰਤੁਸ਼ਟ ਨਾਗਰਿਕਾਂ, ਨੌਕਰੀਆਂ ਪੈਦਾ ਕਰਨ ਵਾਲਿਆਂ ਨੂੰ ਤਿਆਰ ਕਰਨ ਅਤੇ ਇਸ ਦੇਸ਼ ਵਿੱਚ ਅਸੀਂ ਜੋ ਚਾਹੁੰਦੇ ਹਾਂ, ਉਸ ਨੂੰ ਸਹੀ ਢੰਗ ਨਾਲ ਦਰਸਾਉਂਦੀ ਹੈ।’ ਉਨ੍ਹਾਂ ਐੱਲਐੱਨ ਮਿਸ਼ਰਾ ਕਾਲਜ ਆਫ ਬਿਜ਼ਨਸ ਮੈਨੇਜਮੈਂਟ, ਮੁਜ਼ੱਫਰਪੁਰ ਦੀ ਵੀ ਸ਼ਲਾਘਾ ਕੀਤੀ, ਜਿਸ ਨੇ ‘ਭਾਰਤੀ ਗਿਆਨ ਪਰੰਪਰਾ ਅਤੇ ਕੌਮੀ ਸਿੱਖਿਆ ਨੀਤੀ 2020 ਦਾ ਦ੍ਰਿਸ਼ਟੀਕੋਣ’ ਥੀਮ ਚੁਣੀ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਵੈਦਿਕ ਸਿਧਾਂਤ ਅਨੁਸਾਰ ਗਿਆਨ ਮੁਕਤੀ ਦਾ ਮਾਰਗ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਵਿੱਚ ਸਿੱਖਿਆ ਹਮੇਸ਼ਾ ‘ਮੁੱਲ-ਆਧਾਰਤ’ ਰਹੀ ਹੈ, ਇਸੇ ਕਰਕੇ ਇਸ ਦਾ ਕਦੇ ਵੀ ‘ਵਪਾਰੀਕਰਨ’ ਨਹੀਂ ਹੋਇਆ ਜਾਂ ਇਸ ਨੂੰ ਵਸਤੂ ਜਾਂ ਉਤਪਾਦ ਵਜੋਂ ਪੇਸ਼ ਨਹੀਂ ਕੀਤਾ ਗਿਆ। ਧਨਖੜ ਨੇ ਬਿਹਾਰ ਨੂੰ ‘ਭਾਰਤ ਦੀ ਦਾਰਸ਼ਨਿਕ ਨੀਂਹ ਦਾ ਜਨਮ ਸਥਾਨ’ ਦੱਸਿਆ। ਉਨ੍ਹਾਂ ਕਿਹਾ, ‘ਇਹ ਉਹ ਧਰਤੀ ਹੈ ਜਿੱਥੇ ਭਗਵਾਨ ਬੁੱਧ ਨੂੰ ਬੋਧੀ ਰੁੱਖ ਹੇਠ ਗਿਆਨ ਪ੍ਰਾਪਤ ਹੋਇਆ ਸੀ। ਇਹ ਜੈਨ ਧਰਮ ਦੀ ਵੀ ਧਰਤੀ ਹੈ, ਜਿੱਥੇ ਭਗਵਾਨ ਮਹਾਵੀਰ ਨੂੰ ਅਧਿਆਤਮਿਕ ਜਾਗ੍ਰਿਤੀ ਮਿਲੀ ਸੀ।’ ਧਨਖੜ ਨੇ ਨਾਲੰਦਾ ਅਤੇ ਵਿਕਰਮਸ਼ਿਲਾ ਵਰਗੇ ਪ੍ਰਾਚੀਨ ਸਿੱਖਿਆ ਕੇਂਦਰਾਂ ਬਾਰੇ ਕਿਹਾ, ‘ਇਹ ਹਮੇਸ਼ਾ ਸਾਡੇ ਲਈ ਚਾਨਣ ਮੁਨਾਰੇ ਬਣੇ ਰਹਿਣਗੇ।’ ਇਸ ਤੋਂ ਪਹਿਲਾਂ ਪਟਨਾ ਹਵਾਈ ਅੱਡੇ ’ਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਹੋਰ ਮੰਤਰੀਆਂ ਨੇ ਧਨਖੜ ਦਾ ਸਵਾਗਤ ਕੀਤਾ। -ਪੀਟੀਆਈ