ਕੌਮੀ ਸਹਿਕਾਰੀ ’ਵਰਸਿਟੀ ਨਾਲ ਖ਼ਤਮ ਹੋਵੇਗਾ ਭਾਈ-ਭਤੀਜਾਵਾਦ: ਸ਼ਾਹ
ਆਨੰਦ, 5 ਜੁਲਾਈ
ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਗੁਜਰਾਤ ਵਿੱਚ ਸਹਿਕਾਰੀ ਖੇਤਰ ਲਈ ਬਣਨ ਵਾਲੀ ਦੇਸ਼ ਦੀ ਪਹਿਲੀ ਕੌਮੀ ਯੂਨੀਵਰਸਿਟੀ ਭਾਈ-ਭਤੀਜਾਵਾਦ ਨੂੰ ਖ਼ਤਮ ਕਰਨ ਦਾ ਕੰਮ ਕਰੇਗੀ, ਕਿਉਂਕਿ ਭਵਿੱਖ ਵਿੱਚ ਇਸ ਖੇਤਰ ’ਚ ਸਿਰਫ਼ ਸਿਖਲਾਈ ਪ੍ਰਾਪਤ ਵਿਅਕਤੀਆਂ ਨੂੰ ਹੀ ਨੌਕਰੀ ਮਿਲੇਗੀ। ਸ਼ਾਹ ਆਨੰਦ ਖੇਤੀਬਾੜੀ ਯੂਨੀਵਰਸਿਟੀ ਕੰਪਲੈਕਸ ਵਿੱਚ ਜਲ ਤੇ ਭੂਮੀ ਪ੍ਰਬੰਧਨ ਸੰਸਥਾ ਦੇ ਕੰਪਲੈਕਸ ਵਿੱਚ ਤ੍ਰਿਭੁਵਨ ਸਹਿਕਾਰੀ ਯੂਨੀਵਰਸਿਟੀ (ਟੀਐੱਸਯੂ) ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇਕੱਤਰਤਾ ਨੂੰ ਸੰਬੋਧਨ ਕਰ ਰਹੇ ਸਨ।
ਇਸ ਯੂਨੀਵਰਸਿਟੀ ਦਾ ਨਾਮ ਭਾਰਤ ਵਿੱਚ ਸਹਿਕਾਰੀ ਲਹਿਰ ਦੇ ਮੋਢੀ ਤ੍ਰਿਭੁਵਨਦਾਸ ਕਿਸ਼ੀਭਾਈ ਪਟੇਲ ਦੇ ਨਾਮ ’ਤੇ ਰੱਖਿਆ ਗਿਆ ਹੈ, ਜਿਨ੍ਹਾਂ ਨੇ ਅਮੂਲ ਦੀ ਸਥਾਪਨਾ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਟੀਐੱਸਯੂ ਦਾ ਨਿਰਮਾਣ 500 ਕਰੋੜ ਰੁਪਏ ਦੀ ਲਾਗਤ ਨਾਲ 125 ਏਕੜ ’ਤੇ ਕੀਤਾ ਜਾਵੇਗਾ। ਇਸ ਸਮਾਗਮ ਵਿੱਚ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਭਾਈ ਪਟੇਲ, ਕੇਂਦਰੀ ਸਹਿਕਾਰਤਾ ਰਾਜ ਮੰਤਰੀ ਕ੍ਰਿਸ਼ਨ ਪਾਲ ਗੁੱਜਰ ਅਤੇ ਮੁਰਲੀਧਰ ਮੋਹਲ ਨੇ ਵੀ ਸ਼ਿਰਕਤ ਕੀਤੀ।
ਸ਼ਾਹ ਨੇ ਕਿਹਾ, ‘‘ਯੂਨੀਵਰਸਿਟੀ ਇਸ ਖੇਤਰ ਵਿੱਚ ਲੱਗਣ ਵਾਲੇ ਭਾਈ-ਭਤੀਜਾਵਾਦ ਦੇ ਦੋਸ਼ਾਂ ਨੂੰ ਦੂਰ ਕਰਨ ਦਾ ਕੰਮ ਕਰੇਗੀ। ਅਤੀਤ ਦੇ ਉਲਟ ਭਵਿੱਖ ਵਿੱਚ ਸਿਰਫ਼ ਸਿਖਲਾਈ ਪ੍ਰਾਪਤ ਲੋਕਾਂ ਨੂੰ ਹੀ ਇਸ ਖੇਤਰ ਵਿੱਚ ਨੌਕਰੀ ਮਿਲੇਗੀ। ਪਹਿਲਾਂ ਲੋਕਾਂ ਨੂੰ ਕੰਮ ’ਤੇ ਰੱਖਿਆ ਜਾਂਦਾ ਸੀ ਅਤੇ ਫਿਰ ਸਿਖਲਾਈ ਦਿੱਤੀ ਜਾਂਦੀ ਸੀ।’’ ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਇਸ ਖੇਤਰ ਵਿੱਚ ਸਿਖਲਾਈ ਦੀ ਕਮੀ ਨੂੰ ਪੂਰਾ ਕਰੇਗੀ, ਜਿਸ ਨਾਲ ਦੇਸ਼ ਦਾ ਹਰੇਕ ਚੌਥਾ ਵਿਅਕਤੀ ਜਾਂ ਕਹੋ ਕੇ ਲਗਪਗ 30 ਕਰੋੜ ਲੋਕ ਜੁੜੇ ਹੋਏ ਹਨ।
ਸ਼ਾਹ ਨੇ ਯੂਨੀਵਰਸਿਟੀ ਦਾ ਨਾਮ ਸਫੈਦ ਕ੍ਰਾਂਤੀ ਦੇ ਜਨਮਦਾਤਾ ਡਾ. ਵਰਗਿਜ਼ ਕੁਰੀਅਨ ਦੇ ਨਾਮ ’ਤੇ ਨਾ ਰੱਖਣ ਸਬੰਧੀ ਕੁਝ ਲੋਕਾਂ ਦੀਆਂ ਟਿੱਪਣੀਆਂ ’ਤੇ ਕਿਹਾ ਕਿ ਸਹਿਕਾਰੀ ਖੇਤਰ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਕਦੇ ਵੀ ਨਕਾਰਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ, ‘‘ਪਟੇਲ ਸਾਹਿਬ (ਤ੍ਰਿਭੁਵਨ ਪਟੇਲ) ਨੇ ਸਹਿਕਾਰੀ ਅੰਦੋਲਨ ਦੀ ਅਲਖ ਜਗਾਈ..ਇਹ ਉਨ੍ਹਾਂ ਦਾ ਹੀ ਦ੍ਰਿਸ਼ਟੀਕੋਣ ਸੀ ਕਿ ਇਹ ਖੇਤਰ ਅੱਜ ਮਜ਼ਬੂਤੀ ਨਾਲ ਖੜ੍ਹਾ ਹੈ।’’ -ਪੀਟੀਆਈ
ਸਹਿਕਾਰੀ ਖੇਤਰ ਦੀਆਂ ਵਧਦੀਆਂ ਲੋੜਾਂ ਨੂੰ ਪੂਰਾ ਕਰੇਗੀ ਯੂਨੀਵਰਸਿਟੀ
ਸਰਕਾਰੀ ਬਿਆਨ ਅਨੁਸਾਰ, ਤ੍ਰਿਭੁਵਨ ਸਹਿਕਾਰੀ ਯੂਨੀਵਰਸਿਟੀ (ਟੀਐੱਸਯੂ) ਦਾ ਉਦੇਸ਼ ਸਹਿਕਾਰੀ ਖੇਤਰ ਦੀਆਂ ਵਧਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਪੇਸ਼ੇਵਰ ਅਤੇ ਸਿਖਲਾਈ ਪ੍ਰਾਪਤ ਕਰਮਚਾਰੀਆਂ ਨੂੰ ਤਿਆਰ ਕਰਨਾ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਅਗਲੇ ਪੰਜ ਸਾਲਾਂ ਵਿੱਚ ਯੂਨੀਵਰਸਿਟੀ ਪ੍ਰਾਇਮਰੀ ਐਗਰੀਕਲਚਰਲ ਕ੍ਰੈਡਿਟ ਸੁਸਾਇਟੀਆਂ (ਪੀਏਸੀਐੱਸ), ਡੇਅਰੀ, ਮੱਛੀ ਪਾਲਣ ਆਦਿ ਵਰਗੀਆਂ ਸਹਿਕਾਰੀ ਸਭਾਵਾਂ ਦੇ ਲਗਪਗ 20 ਲੱਖ ਕਰਮਚਾਰੀਆਂ ਨੂੰ ਸਿਖਲਾਈ ਦੇਵੇਗੀ। ਇਹ ਯੂਨੀਵਰਸਿਟੀ ਸਹਿਕਾਰੀ ਪ੍ਰਬੰਧਨ, ਵਿੱਤ, ਕਾਨੂੰਨ ਅਤੇ ਪੇਂਡੂ ਵਿਕਾਸ ਵਰਗੇ ਖੇਤਰਾਂ ਵਿੱਚ ਵਿਸ਼ੇਸ਼ ਸਿੱਖਿਆ, ਸਿਖਲਾਈ ਅਤੇ ਖੋਜ ਦੇ ਮੌਕੇ ਵੀ ਪ੍ਰਦਾਨ ਕਰੇਗੀ। ਇਹ ਯੂਨੀਵਰਸਿਟੀ ਪੀਐੱਚ.ਡੀ., ਪ੍ਰਬੰਧਕੀ ਡਿਗਰੀਆਂ, ਸੁਪਰਵਾਇਜ਼ਰੀ ਪੱਧਰ ’ਤੇ ਡਿਪਲੋਮੇ ਅਤੇ ਸੰਚਾਲਨ ਪੱਧਰ ’ਤੇ ਸਰਟੀਫਿਕੇਟ ਸਣੇ ਕਈ ਲਚਕਦਾਰ ਅਤੇ ਬਹੁ-ਅਨੁਸ਼ਾਸਨੀ ਪ੍ਰੋਗਰਾਮ ਪੇਸ਼ ਕਰੇਗੀ।