ਮੋਦੀ ਸਰਕਾਰ ਨੇ ਔਰਤਾਂ ਤੇ ਕਿਸਾਨਾਂ ਨੂੰ ਸਮਰੱਥ ਬਣਾਇਆ: ਨੱਢਾ
ਨਵੀਂ ਦਿੱਲੀ, 1 ਜੂਨ
ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਅੱਜ ਕਾਂਗਰਸ ਤੇ ਹੋਰ ਵਿਰੋਧੀਆਂ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਔਰਤਾਂ, ਕਿਸਾਨਾਂ ਅਤੇ ਸਮਾਜ ਦੇ ਹਾਸ਼ੀਏ ’ਤੇ ਧੱਕੇ ਵਰਗਾਂ ਦੀ ਭਲਾਈ ਲਈ ਵੱਖ-ਵੱਖ ਕਦਮ ਚੁੱਕ ਕੇ ਉਨ੍ਹਾਂ ਦਾ ਸ਼ਕਤੀਕਰਨ ਕੀਤਾ ਹੈ ਜਦਕਿ ਬਾਕੀ ਅਜਿਹਾ ਕਰਨ ਦੀਆਂ ਸਿਰਫ ਗੱਲਾਂ ਹੀ ਕਰਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਨੇ ਦੇਸ਼ ਨੂੰ ਆਰਥਿਕ ਵਿਕਾਸ ਦੇ ਰਾਹ ’ਤੇ ਲਿਆਉਣ ਤੋਂ ਲੈ ਕੇ 25 ਕਰੋੜ ਲੋਕਾਂ ਨੂੰ ਗਰੀਬੀ ਰੇਖਾ ਤੋਂ ਉੱਪਰ ਚੁੱਕਣ ਤੱਕ ਸਮਾਜ ਦੇ ਸਾਰੇ ਵਰਗਾਂ ਦੀ ਭਲਾਈ ਲਈ ਕਈ ਕਦਮ ਚੁੱਕੇ ਹਨ, ਜੋ ਦੀਨਦਿਆਲ ਉਪਾਧਿਆਏ ਦੇ ਮਨੁੱਖਤਾ ਦੀ ਇੱਕਜੁਟਤਾ ਦੇ ਵਿਚਾਰ ਤੋਂ ਪ੍ਰੇਰਿਤ ਹਨ। ਕੇਂਦਰੀ ਮੰਤਰੀ ਨੱਢਾ ਨੇ ਇਹ ਵੀ ਕਿਹਾ ਕਿ ਸਰਕਾਰ ਨੇ 10 ਕਰੋੜ ਤੋਂ ਵੱਧ ਪਰਿਵਾਰਾਂ ਨੂੰ ਰਸੋਈ ਗੈਸ ਕੁਨੈਕਸ਼ਨ ਮੁਹੱਈਆ ਕਰਵਾਏ ਜਦਕਿ 12 ਕਰੋੜ ਪਖਾਨੇ ਤੇ ਚਾਰ ਕਰੋੜ ਪੱਕੇ ਘਰ ਬਣਵਾ ਕੇ ਦਿੱਤੇ ਹਨ। ਉਨ੍ਹਾਂ ਆਖਿਆ ਕਿ ਇਹ ਗੱਲ ਸਮਝਣ ਦੀ ਲੋੜ ਹੈ ਕਿ ਮੋਦੀ ਦੀ ਅਗਵਾਈ ਹੇਠ ਕਿਵੇਂ ਸਰਕਾਰ ਨੇ ਔਰਤਾਂ, ਕਿਸਾਨਾਂ ਤੇ ਸਮਾਜ ਦੇ ਹਾਸ਼ੀਏ ’ਤੇ ਧੱਕੇ ਵਰਗਾਂ ਨੂੰ ਮਜ਼ਬੂਤ ਬਣਾਇਆ। -ਪੀਟੀਆਈ