ਮਰਾਠੀ-ਹਿੰਦੀ ਵਿਵਾਦ: ਰੈਲੀ ਤੋਂ ਪਹਿਲਾਂ ਐੱਮਐੱਨਐੱਸ ਦੇ ਆਗੂ ਤੇ ਕਾਰਕੁਨ ਹਿਰਾਸਤ ’ਚ ਲਏ
ਠਾਣੇ, 8 ਜੁਲਾਈ
ਮਰਾਠੀ ਨਾ ਬੋਲਣ ’ਤੇ ਦੁਕਾਨਦਾਰ ਨੂੰ ਥੱਪੜ ਮਾਰਨ ਮਗਰੋਂ ਵਧਦੇ ਸਿਆਸੀ ਪਾਰੇ ਦਰਮਿਆਨ ਠਾਣੇ ਜ਼ਿਲ੍ਹੇ ਦੇ ਮੀਰਾ ਭਯੰਦਰ ਇਲਾਕੇ ਵਿੱਚ ਮਰਾਠੀ ‘ਅਸਮਿਤਾ’ (ਮਾਣ) ਲਈ ਅੱਜ ਮਹਾਰਾਸ਼ਟਰ ਨਵਨਿਰਮਾਣ ਸੈਨਾ (ਐੱਮਐੱਨਐੱਸ) ਅਤੇ ਕੁੱਝ ਹੋਰ ਸਮਾਜਿਕ ਸੰਗਠਨਾਂ ਵੱਲੋਂ ਰੈਲੀ ਕੀਤੀ ਗਈ। ਸ਼ਿਵ ਸੈਨਾ (ਯੂਬੀਟੀ) ਅਤੇ ਐੱਨਸੀਪੀ (ਐੱਸਪੀ) ਦੇ ਕਾਰਕੁਨ ਵੀ ਰੈਲੀ ਵਿੱਚ ਸ਼ਾਮਲ ਹੋਏ। ਰੈਲੀ ਤੋਂ ਪਹਿਲਾਂ ਪੁਲੀਸ ਨੇ ਐੱਮਐੱਨਐੱਸ ਦੇ ਕਈ ਆਗੂਆਂ ਅਤੇ ਕਾਰਕੁਨਾਂ ਨੂੰ ਹਿਰਾਸਤ ਵਿੱਚ ਲਿਆ। ਦੁਪਹਿਰ ਸਮੇਂ ਦੌਰਾ ਕਰਨ ਆਏ ਸ਼ਿਵ ਸੈਨਾ ਮੰਤਰੀ ਪ੍ਰਤਾਪ ਸਰਨਾਇਕ ਨੂੰ ਪ੍ਰਦਰਸ਼ਨਕਾਰੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ, ਉਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਪੁਲੀਸ ਕਾਰਵਾਈ ਦਾ ਵਿਰੋਧ ਕੀਤਾ। ਪੁਲੀਸ ਨੇ ਇਸ ਤੋਂ ਪਹਿਲਾਂ ਕਾਨੂੰਨ ਵਿਵਸਥਾ ਲਈ ਸੰਭਾਵੀ ਖਤਰੇ ਦਾ ਹਵਾਲਾ ਦਿੰਦਿਆਂ ਵਿਰੋਧ ਰੈਲੀ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਦੇ ਬਾਵਜੂਦ ਰੈਲੀ ਤਜਵੀਜ਼ਤ ਰੂਟਾਂ ਵਿੱਚੋਂ ਦੀ ਕੱਢੀ ਗਈ। ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ, ਜਦੋਂ ਪੁਲੀਸ ਨੇ ‘ਮਰਾਠੀ ਅਸਮਿਤਾ’ ਦੀ ਰੱਖਿਆ ਲਈ ਨਾਅਰੇ ਲਾਉਣ ਵਾਲੇ ਪ੍ਰਦਰ਼ਸਨਕਾਰੀਆਂ ਨੂੰ ਹਿਰਾਸਤ ਵਿੱਚ ਲੈਣਾ ਸ਼ੁਰੂ ਕਰ ਦਿੱਤਾ। ਪੁਲੀਸ ਨੇ ਉਨ੍ਹਾਂ ਵਿੱਚੋਂ ਕੁੱਝ ਨੂੰ ਉਸ ਸਮੇਂ ਹਿਰਾਸਤ ਵਿੱਚ ਲਿਆ, ਜਦੋਂ ਉਹ ਮੀਡੀਆ ਨੂੰ ਸੰਬੋਧਨ ਕਰ ਰਹੇ ਸਨ। ਐੱਮਐੱਨਐੱਸ ਦੇ ਕਈ ਆਗੂਆਂ ਨੂੰ ਅੱਧੀ ਰਾਤ ਨੂੰ ਹਿਰਾਸਤ ਵਿੱਚ ਲਿਆ ਗਿਆ। -ਪੀਟੀਆਈ
ਰੈਲੀ ਦੀ ਇਜਾਜ਼ਤ ਦਿੱਤੀ: ਫੜਨਵੀਸ
ਮੁੰਬਈ: ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਅੱਜ ਕਿਹਾ ਕਿ ਮਹਾਰਾਸ਼ਟਰ ਨਵਨਿਰਮਾਣ ਸੈਨਾ ਦੀ ਰੈਲੀ ਲਈ ਨੇੜਲੇ ਮੀਰਾ ਭਯੰਦਰ ਵਿੱਚ ਇਜਾਜ਼ਤ ਦਿੱਤੀ ਗਈ ਸੀ, ਪਰ ਪਾਰਟੀ ਨੇ ਰੈਲੀ ਲਈ ਇੱਕ ਖਾਸ ਰਸਤੇ ’ਤੇ ਜ਼ੋਰ ਦਿੱਤਾ ਜਿਸ ਨਾਲ ਕਾਨੂੰਨ ਵਿਵਸਥਾ ਦੀ ਸਥਿਤੀ ਪੈਦਾ ਹੋ ਸਕਦੀ ਸੀ। ਹਾਲਾਂਕਿ ਐੱਮਐੱਨਐੱਸ ਦੇ ਆਗੂ ਸੰਦੀਪ ਦੇਸ਼ਪਾਂਡੇ ਨੇ ਦਾਅਵਾ ਕੀਤਾ ਕਿ ਸਰਕਾਰ ਉਨ੍ਹਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਪੁਲੀਸ ਦਾ ਰੈਲੀ ਦੀ ਇਜਾਜ਼ਤ ਦੇਣ ਦਾ ਕੋਈ ਇਰਾਦਾ ਨਹੀਂ ਸੀ। -ਪੀਟੀਆਈ