ਮਨੀਪੁਰ: ਸਿਆਸੀ ਸੰਕਟ ਵਿਚਾਲੇ ਸੰਬਿਤ ਪਾਤਰਾ ਵੱਲੋਂ ਰਾਜਪਾਲ ਨਾਲ ਮੁਲਾਕਾਤ
ਇੰਫਾਲ, 12 ਫਰਵਰੀ
ਮਨੀਪੁਰ ਵਿੱਚ ਸਿਆਸੀ ਸੰਕਟ ਵਿਚਾਲੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸੰਬਿਤ ਪਾਤਰਾ ਨੇ ਅੱਜ ਸਵੇਰੇ ਇੱਥੇ ਰਾਜਭਵਨ ਵਿੱਚ ਰਾਜਪਾਲ ਅਜੈ ਕੁਮਾਰ ਭੱਲਾ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕੁਝ ਸਮੇਂ ਤੱਕ ਵਿਚਾਰ-ਚਰਚਾ ਕੀਤੀ। ਹਾਲਾਂਕਿ, ਹਾਲ ਦੀ ਘੜੀ ਮੀਟਿੰਗ ਵਿੱਚ ਨਿਕਲੇ ਨਤੀਜੇ ਬਾਰੇ ਪਤਾ ਨਹੀਂ ਲੱਗ ਸਕਿਆ ਹੈ। ਭਾਜਪਾ ਦੇ ਉੱਤਰ-ਪੂਰਬੀ ਇੰਚਾਰਜ ਪਾਤਰਾ ਬਾਅਦ ਵਿੱਚ ਇਕ ਹੋਟਲ ਲਈ ਰਵਾਨਾ ਹੋ ਗਏ, ਜਿੱਥੇ ਉਨ੍ਹਾਂ ਵੱਲੋਂ ਪਾਰਟੀ ਦੇ ਵਿਧਾਇਕਾਂ ਨਾਲ ਮੁਲਾਕਾਤ ਕੀਤੇ ਜਾਣ ਦੀ ਸੰਭਾਵਨਾ ਹੈ। ਐੱਨ ਬਿਰੇਨ ਸਿੰਘ ਨੇ 9 ਫਰਵਰੀ ਨੂੰ ਜਾਤੀ ਆਧਾਰਿਤ ਹਿੰਸਾ ਪ੍ਰਭਾਵਿਤ ਸੂਬੇ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਜਿਸ ਕਾਰਨ ਉੱਥੇ ਲੀਡਰਸ਼ਿਪ ਦਾ ਸੰਕਟ ਵੀ ਪੈਦਾ ਹੋ ਗਿਆ। -ਪੀਟੀਆਈ
ਸਾਬਕਾ ਵਿਧਾਇਕ ਦੇ ਘਰ ਕੋਲੋਂ ਦੋ ਹੱਥਗੋਲੇ ਮਿਲੇ
ਇੰਫਾਲ: ਇੰਫਾਲ ਪੱਛਮੀ ਜ਼ਿਲ੍ਹੇ ਵਿੱਚ ਸਾਬਕਾ ਵਿਧਾਇਕ ਬਿਜੌਏ ਕੋਇਜਾਮ ਦੇ ਘਰ ਨੇੜੇ ਅੱਜ ਸਵੇਰੇ ਕਿਸੇ ਅਣਪਛਾਤੇ ਅਤਿਵਾਦੀ ਵੱਲੋਂ ਰੱਖੇ ਗਏ ਦੋ ਹੱਥਗੋਲੇ ਬਰਾਮਦ ਹੋਏ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਪੁਲੀਸ ਨੇ ਦੱਸਿਆ ਕਿ ਵਿਧਾਇਕ ਦੇ ਪਰਿਵਾਰ ਦੇ ਮੈਂਬਰਾਂ ਨੇ ਮੇਨ ਗੇਟ ਕੋਲ ਜ਼ਮੀਨ ’ਤੇ ਇਕ ਹੱਥਗੋਲਾ ਪਿਆ ਦੇਖਿਆ ਅਤੇ ਪੁਲੀਸ ਨੂੰ ਸੂਚਨਾ ਦਿੱਤੀ। ਉਨ੍ਹਾਂ ਦੱਸਿਆ ਕਿ ਇਲਾਕੇ ਦੀ ਤਲਾਸ਼ੀ ਦੌਰਾਨ ਪੁਲੀਸ ਨੂੰ ਇਕ ਹੋਰ ਹੱਥਗੋਲਾ ਮਿਲਿਆ। ਪੁਲੀਸ ਨੇ ਕਿਹਾ ਕਿ ਬਾਅਦ ਵਿੱਚ ਹੱਥਗੋਲੇ ਨੂੰ ਲੰਗੋਲ ਵਿੱਚ ਇਕ ਡੰਪਿੰਡ ਸਾਈਟ ’ਤੇ ਲਿਜਾਇਆ ਗਿਆ ਅਤੇ ਨਸ਼ਟ ਕਰ ਦਿੱਤਾ ਗਿਆ। ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ। -ਪੀਟੀਆਈ