ਇੰਫ਼ਾਲ, 21 ਸਤੰਬਰ
ਮਨੀਪੁਰ ਵਿੱਚ ਗ੍ਰਿਫ਼ਤਾਰ ਕੀਤੇ ਗਏ ਪੰਜ ਨੌਜਵਾਨਾਂ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਸਬੰਧੀ ਪੁਲੀਸ ਥਾਣਿਆਂ ’ਤੇ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਪ੍ਰਦਰਸ਼ਨਕਾਰੀਆਂ ’ਤੇ ਸੁਰੱਖਿਆ ਬਲਾਂ ਨੇ ਅੱਜ ਅੱਥਰੂ ਗੈਸ ਦੇ ਗੋਲੇ ਦਾਗ਼ੇ, ਜਿਸ ਵਿੱਚ 10 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ।
ਅਧਿਕਾਰੀਆਂ ਨੇ ਦੱਸਿਆ ਕਿ ਇਹਤਿਆਤ ਵਜੋਂ ਸੂਬਾ ਸਰਕਾਰ ਨੇ ਇੰਫ਼ਾਲ ਦੇ ਦੋ ਜ਼ਿਲ੍ਹਿਆਂ ਵਿੱਚ ਅੱਜ ਸ਼ਾਮ ਪੰਜ ਵਜੇ ਤੋਂ ਕਰਫਿਊ ਵਿੱਚ ਦਿੱਤੀ ਢਿੱਲ ਰੱਦ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੰਜ ਪੇਂਡੂ ਵਾਲੰਟੀਅਰਾਂ ਦੀ ਰਿਹਾਈ ਦੀ ਮੰਗ ਲਈ ਛੇ ਸਥਾਨਕ ਕਲੱਬ ਅਤੇ ਮੀਰਾ ਪੈਬਿਸ ਨੇ ਪ੍ਰਦਰਸ਼ਨ ਦਾ ਸੱਦਾ ਦਿੱਤਾ ਸੀ। ਇਸ ਸੱਦੇ ’ਤੇ ਹੱਥਾਂ ਵਿੱਚ ਤਖ਼ਤੀਆਂ ਫੜੀ ਅਤੇ ਨਾਅਰੇ ਲਗਾਉਂਦਿਆਂ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਇੰਫ਼ਾਲ ਪੂਰਬ ਵਿੱਚ ਪੋਰੋਮਪੇਟ ਪੁਲੀਸ ਥਾਣੇ ਅਤੇ ਪੱੱਛਮੀ ਇੰਫ਼ਾਲ ਜ਼ਿਲ੍ਹੇ ਵਿੱਚ ਸਿੰਗਜਾਮੇਈ ਪੁਲੀਸ ਥਾਣੇ ਤੇ ਕਵਾਕੀਥੇਲ ਪੁਲੀਸ ਚੌਕੀ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲੀਸ ਅਤੇ ਆਰਏਐੱਫ ਜਵਾਨਾਂ ਨੇ ਭੀੜ ਨੂੰ ਖਦੇੜਨ ਲਈ ਅੱਥਰੂ ਗੈਸ ਦੇ ਕਈ ਗੋਲੇ ਦਾਗ਼ੇ। ਪੱਛਮੀ ਇੰਫ਼ਾਲ ਜ਼ਿਲ੍ਹੇ ਦੇ ਮਯਾਂਗ ਇੰਫ਼ਾਲ ਪੁਲੀਸ ਥਾਣੇ ਅਤੇ ਪੂਰਬੀ ਇੰਫ਼ਾਲ ਜ਼ਿਲ੍ਹੇ ਦੇ ਐਂਡਰੋ ਪੁਲੀਸ ਥਾਣੇ ਵਿੱਚ ਵੀ ਲੋਕਾਂ ਨੇ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਆਲ ਲੰਗਥਬਲ ਕੇਂਦਰ ਯੂਨਾਈਟਿਡ ਕਲੱਬਜ਼ ਕੋਆਰਡੀਨੇਟਿੰਗ ਕਮੇਟੀ ਦੇ ਪ੍ਰਧਾਨ ਯੂਮਨਾਮ ਹਿਟਲਰ ਨੇ ਕਿਹਾ, ‘‘ਗ੍ਰਿਫ਼ਤਾਰ ਕੀਤੇ ਗਏ ਪੰਜ ਜਣਿਆਂ ਨੂੰ ਰਿਹਾਅ ਕਰਨ ਲਈ ਸਰਕਾਰ ਵੱਲੋਂ ਕੋਈ ਠੋਸ ਕਦਮ ਨਾ ਚੁੱਕਣ ਮਗਰੋਂ ‘ਸਵੈ-ਇੱਛੁਕ ਤੌਰ ’ਤੇ ਸਮੂਹਿਕ ਗ੍ਰਿਫ਼ਤਾਰੀ’ ਅੰਦੋਲਨ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਗਿਆ।’’ ਮਨੀਪੁਰ ਪੁਲੀਸ ਨੇ ਅਤਿ-ਆਧੁਨਿਕ ਹਥਿਆਰ ਰੱਖਣ ਦੇ ਦੋਸ਼ ਹੇਠ 16 ਸਤੰਬਰ ਨੂੰ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲੀਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਪੰਜਾਂ ਨੂੰ ਨਿਆਂਇਕ ਮੈਜਿਸਟਰੇਟ ਸਾਹਮਣੇ ਪੇਸ਼ ਕਰਨ ਮਗਰੋਂ ਪੁਲੀਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਸੂਬਾ ਸਰਕਾਰ ਨੇ ਸ਼ਾਮ ਨੂੰ ਹਿੰਸਾ ਦੇ ਮੱਦੇਨਜ਼ਰ ਇੰਫ਼ਾਲ ਦੇ ਦੋ ਜ਼ਿਲ੍ਹਿਆਂ ਵਿੱਚ ਕਰਫ਼ਿਊ ਵਿੱਚ ਦਿੱਤੀ ਢਿੱਲ ਰੱਦ ਕਰ ਦਿੱਤੀ। ਪੱਛਮੀ ਇੰਫ਼ਾਲ ਦੇ ਜ਼ਿਲ੍ਹਾ ਅਧਿਕਾਰੀ ਦੇ ਹੁਕਮਾਂ ਅਨੁਸਾਰ 21 ਸਤੰਬਰ ਤੋਂ ਸਵੇਰੇ ਪੰਜ ਵਜੇ ਤੋਂ ਰਾਤ ਨੌਂ ਵਜੇ ਤੱਕ ਕਰਫ਼ਿਊ ਵਿੱਚ ਢਿੱਲ ਦਿੱਤੀ ਗਈ ਸੀ, ਜਿਸ ਨੂੰ ਸ਼ਾਮ ਪੰਜ ਵਜੇ ਤੋਂ ਵਾਪਸ ਲਿਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹੀ ਹੁਕਮ ਇੰਫ਼ਾਲ ਪੂਰਬੀ ਜ਼ਿਲ੍ਹੇ ਵਿੱਚ ਵੀ ਲਾਗੂ ਕੀਤੇ ਗਏ ਹਨ। -ਪੀਟੀਆਈ
ਸੁਰੱਖਿਆ ਬਲਾਂ ਵੱਲੋਂ ਹਥਿਆਰ ਅਤੇ ਅਸਲਾ ਜ਼ਬਤ
ਇੰਫ਼ਾਲ: ਮਨੀਪੁਰ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਜਾਰੀ ਰੱਖਦਿਆਂ ਹਥਿਆਰਾਂ ਸਣੇ ਭਾਰੀ ਮਾਤਰਾ ਵਿੱਚ ਅਸਲਾ ਬਰਮਾਦ ਕੀਤਾ ਹੈ। ਉੱਤਰ ਪੂਰਬੀ ਸੂਬੇ ਦੇ ਪਹਾੜੀ ਜ਼ਿਲ੍ਹਿਆਂ ਅਤੇ ਘਾਟੀ ਵਿੱਚ ਕੁੱਲ ਮਿਲਾ ਕੇ 127 ਚੌਕੀਆਂ ਸਥਾਪਤ ਕੀਤੀਆਂ ਗਈਆਂ ਸਨ ਅਤੇ ਨਿਯਮਾਂ ਦੀ ਉਲੰਘਣਾ ਦੇ ਦੋਸ਼ ਹੇਠ 873 ਜਣਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਪੁਲੀਸ ਨੇ ‘ਐਕਸ’ ਉੱਤੇ ਜਾਣਕਾਰੀ ਦਿੰਦਿਆਂ ਦੱਸਿਆ, ‘‘ਸੁਰੱਖਿਆਂ ਬਲਾਂ ਵੱਲੋਂ ਪੱਛਮੀ ਇੰਫ਼ਾਲ, ਥੌਬਲ, ਬਿਸ਼ਨੂਪੁਰ, ਕੰਗਪੋਕਪੀ ਅਤੇ ਚੂਰਾਚਾਂਦਪੁਰ ਜ਼ਿਲ੍ਹਿਆਂ ਤੇ ਸਰਹੱਦੀ ਖੇਤਰਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ, ਜਿਸ ਦੌਰਾਨ ਪੱਛਮੀ ਇੰਫ਼ਾਲ ਅਤੇ ਕੰਗਪੋਕਪੀ ਜ਼ਿਲ੍ਹਿਆਂ ਤੋਂ ਇੱਕ ਹਥਿਆਰ, ਦੋ ਸਥਾਨਕ ਬੰਦੂਕਾਂ, 50 ਗੋਲੇ ਅਤੇ ਧਮਾਕਾਖੇਜ਼ ਸਮੱਗਰੀ ਬਰਾਮਦ ਹੋਈ ਹੈ।’’ ਉਨ੍ਹਾਂ ਦੱਸਿਆ ਕਿ ਅਸਾਮ ਰਾਈਫ਼ਲਜ਼ ਅਤੇ ਸੂਬਾਈ ਪੁਲੀਸ ਮੁਲਾਜ਼ਮਾਂ ਨੇ ਕੰਗਪੋਕਪੀ ਜ਼ਿਲ੍ਹੇ ਦੀ ਇੱਕ ਸਾਂਝੀ ਤਲਾਸ਼ੀ ਮੁਹਿੰਮ ਦੌਰਾਨ ਚਾਰ ਮੋਰਟਾਰ ਬੰਬ ਬਰਾਮਦ ਕੀਤੇ, ਜੋ ਝਾੜੀਆਂ ਵਿੱਚ ਲੁਕੋ ਕੇ ਰੱਖੇ ਹੋਏ ਸਨ। -ਪੀਟੀਆਈ