ਇੰਫਾਲ, 2 ਅਕਤੂਬਰ
ਆਦਵਿਾਸੀ ਬਹੁਗਿਣਤੀ ਵਾਲੇ ਚੂਰਾਚਾਂਦਪੁਰ ਜ਼ਿਲ੍ਹੇ ਵਿੱਚ ਮੁਕੰਮਲ ਬੰਦ ਨਾਲ ਅੱਜ ਆਮ ਜਨਜੀਵਨ ਲੀਹੋਂ ਲੱਥ ਗਿਆ। ਇਨਡਿਜੀਨਸ ਟਰਾਈਬਲ ਲੀਡਰਜ਼ ਫਰੰਟ (ਆਈਟੀਐੱਲਐੱਫ) ਨੇ ਦੋ ਨੌਜਵਾਨ ਵਿਦਿਆਰਥੀਆਂ (ਭੈਣ-ਭਰਾ) ਦੇ ਅਗਵਾ ਤੇ ਹੱਤਿਆ ਮਾਮਲੇ ਵਿੱਚ ਐੱਨਆਈਏ ਤੇ ਸੀਬੀਆਈ ਵੱਲੋਂ ਦੋ ਨਾਬਾਲਗਾਂ ਸਣੇ ਸੱਤ ਵਿਅਕਤੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਖਿਲਾਫ਼ ਬੰਦ ਦਾ ਸੱਦਾ ਦਿੱਤਾ ਸੀ। ਆਈਟੀਐੱਲਐੱਫ ਨੇ ਮੰਗ ਕੀਤੀ ਸੀ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ਨੂੰ 48 ਘੰਟਿਆਂ ਵਿੱਚ ਰਿਹਾਅ ਕੀਤਾ ਜਾਵੇ। ਪੁਲੀਸ ਨੇ ਕਿਹਾ ਕਿ ਬੰਦ ਦੇ ਸੱਦੇ ਕਰਕੇ ਸੜਕਾਂ ਤੋਂ ਸਰਕਾਰੀ ਵਾਹਨ ਗਾਇਬ ਰਹੇ ਜਦੋਂਕਿ ਮਾਰਕੀਟ ਤੇ ਹੋਰ ਵਪਾਰਕ ਅਦਾਰੇ ਮੁਕੰਮਲ ਤੌਰ ’ਤੇ ਬੰਦ ਰਹੇ। ਚੂਰਾਚਾਂਦਪੁਰ ਅਧਾਰਿਤ ਜੁਆਇੰਟ ਸਟੂਡੈਂਟਸ ਬੌਡੀ (ਜੇਐੱਸਬੀ) ਨੇ ਵੀ ਅੱਜ ਸਵੇਰੇ 6 ਵਜੇ ਤੋਂ 12 ਘੰਟੇ ਦੇ ਬੰਦ ਦਾ ਸੱਦਾ ਦਿੱਤਾ ਸੀ।
ਫਿਜਾਮ ਹੇਮਨਜੀਤ (20) ਤੇ ਉਸ ਦੀ ਭੈਣ ਹਿਜਾਮ ਲਨਿਥੋਇਨਗਾਂਬੀ (17) 6 ਜੁਲਾਈ ਨੂੰ ਲਾਪਤਾ ਹੋ ਗਏ ਸਨ ਤੇ 25 ਸਤੰਬਰ ਨੂੰ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਵਾਲੀ ਤਸਵੀਰ ਸੋਸ਼ਲ ਮੀਡੀਆ ’ਤੇ ਨਸ਼ਰ ਹੋਈ ਸੀ। ਇਸ ਮਗਰੋਂ ਇੰਫਾਲ ਵਾਦੀ ਵਿੱਚ ਰੋਸ ਮੁਜ਼ਾਹਰਿਆਂ ਤੇ ਪ੍ਰਦਰਸ਼ਨਕਾਰੀਆਂ ਦੀ ਪੁਲੀਸ ਤੇ ਸੁਰੱਖਿਆ ਬਲਾਂ ਨਾਲ ਝੜਪਾਂ ਦਾ ਦੌਰ ਸ਼ੁਰੂ ਹੋ ਗਿਆ ਸੀ। ਸੂਬਾ ਸਰਕਾਰ ’ਤੇ ਦਬਾਅ ਵਧਣ ਮਗਰੋਂ ਇਹ ਕੇਸ ਸੀਬੀਆਈ ਨੂੰ ਸੌਂਪ ਦਿੱਤਾ ਗਿਆ ਸੀ। ਮੁੱਖ ਮੰਤਰੀ ਐੱਨ.ਬੀਰੇਨ ਸਿੰਘ ਨੇ ਲੰਘੇ ਦਿਨ ਦਾਅਵਾ ਕੀਤਾ ਸੀ ਕਿ ਸੀਬੀਆਈ ਨੇ ਅਗਵਾ ਤੇ ਕਤਲ ਮਾਮਲੇ ਵਿੱਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਸਰਕਾਰ ਮੁਲਜ਼ਮਾਂ ਲਈ ਸਖ਼ਤ ਤੋਂ ਸਖ਼ਤ ਸਜ਼ਾ ਯਕੀਨੀ ਬਣਾਏਗੀ। ਸਿੰਘ ਨੇ ਮਿਆਂਮਾਰ ਤੇ ਬੰਗਲਾਦੇਸ਼ ਅਧਾਰਿਤ ਦਹਿਸ਼ਤੀ ਜਥੇਬੰਦੀਆਂ ਦੀ ਮਿਲੀਭੁਗਤ ਨਾਲ ਸਾਜ਼ਿਸ਼ ਘੜਨ ਦੇ ਦੋਸ਼ ਵਿੱਚ ਇਕ ਵਿਅਕਤੀ ਨੂੰ ਐੱਨਆਈਏ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਦਾ ਵੀ ਦਾਅਵਾ ਕੀਤਾ ਸੀ। ਮਨੀਪੁਰ ਵਿੱਚ 3 ਮਈ ਨੂੰ ਭੜਕੀ ਨਸਲੀ ਹਿੰਸਾ ਵਿੱਚ 180 ਤੋਂ ਵੱਧ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ ਸੀ ਤੇ ਸੈਂਕੜੇ ਹੋਰ ਲੋਕ ਜ਼ਖ਼ਮੀ ਹੋ ਗਏ ਸਨ। -ਪੀਟੀਆਈ
ਜਾਂਚ ਏਜੰਸੀਆਂ ਵੱਲੋਂ ਪੱਖਪਾਤ ਤੇ ਧੱਕੇਸ਼ਾਹੀ ਦੇ ਦੋਸ਼ਾਂ ਤੋਂ ਇਨਕਾਰ
ਇੰਫਾਲ: ਆਦਵਿਾਸੀ ਸਮੂਹਾਂ ਵੱਲੋਂ ਐੱਨਆਈਏ ਤੇ ਸੀਬੀਆਈ ’ਤੇ ਮਨੀਪੁਰ ਵਿੱਚ ਪੱਖਪਾਤ ਤੇ ਧੱਕੇਸ਼ਾਹੀ ਕਰਨ ਦੇ ਲਾਏ ਦੋਸ਼ਾਂ ਦਰਮਿਆਨ ਕੇਂਦਰੀ ਏਜੰਸੀਆਂ ਨੇ ਅੱਜ ਕਿਹਾ ਕਿ ਉਨ੍ਹਾਂ ਸੂਬੇ ਵਿਚ ਹੁਣ ਤੱਕ ਜਿੰਨੀਆਂ ਵੀ ਗ੍ਰਿਫ਼ਤਾਰੀਆਂ ਕੀਤੀਆਂ ਹਨ, ਉਹ ਜਾਂਚ ਟੀਮਾਂ ਵੱਲੋਂ ਇਕੱਤਰ ਕੀਤੇ ਸਬੂਤਾਂ ’ਤੇ ਅਧਾਰਿਤ ਹਨ। ਤਫ਼ਤੀਸ਼ੀ ਏਜੰਸੀਆਂ ਨੇ ਕਿਹਾ ਕਿ ਐੱਨਆਈਏ ਤੇ ਸੀਬੀਆਈ ਅਧਿਕਾਰੀ ਨਸਲੀ ਤੌਰ ’ਤੇ ਭਖੇ ਹੋਏ ਮਾਹੌਲ ਵਿੱਚ ਕੰਮ ਕਰ ਰਹੇ ਹਨ ਅਤੇ ਵੱਖ ਵੱਖ ਕੇਸਾਂ, ਜਨਿ੍ਹਾਂ ਵਿੱਚ 2015 ਵਿੱਚ ਫੌਜ ਦੇ ਜਵਾਨਾਂ ’ਤੇ ਹੋਇਆ ਹਮਲਾ ਵੀ ਸ਼ਾਮਲ ਹੈ, ਵਿੱਚ ਜਾਂਚ ਦੇ ਅਮਲ ਨੂੰ ਪੂਰਾ ਕਰਨ ਲਈ ਕਈ ਮੁਸ਼ਕਲਾਂ ਦਰਪੇਸ਼ ਹਨ। ਏਜੰਸੀਆਂ ਨੇ ਇਨਡਿਜੀਨਸ ਟਰਾਈਬਲ ਲੀਡਰਜ਼ ਫਰੰਟ (ਆਈਟੀਐੱਲਐੱਫ), ਜੋ ਖੁ਼ਦ ਨੂੰ ਕੁੱਕੀ-ਜ਼ੋਅ ਭਾਈਚਾਰੇ ਦਾ ਪ੍ਰਤੀਨਿਧ ਦੱਸਦਾ ਹੈ, ਵੱਲੋਂ ਲਾਏ ਉਪਰੋਕਤ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ। ਦੋਵਾਂ ਏਜੰਸੀਆਂ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਕਿਸੇ ਵੀ ਭਾਈਚਾਰੇ, ਧਰਮ ਜਾਂ ਵਰਗ ਨਾਲ ਪੱਖਪਾਤ ਜਾਂ ਧੱਕਾ ਨਹੀਂ ਕੀਤਾ ਤੇ ਆਈਪੀਸੀ ਰੂਲ ਬੁੱਕ ਦੀ ਹੀ ਪਾਲਣਾ ਯਕੀਨੀ ਬਣਾਈ ਹੈ। -ਪੀਟੀਆਈ
ਗੁਹਾਟੀ ਕੋਰਟ ਨੇ ਮੁਲਜ਼ਮਾਂ ਨੂੰ ਪੰਜ ਦਿਨਾ ਸੀਬੀਆਈ ਹਿਰਾਸਤ ’ਚ ਭੇਜਿਆ
ਨਵੀਂ ਦਿੱਲੀ: ਗੁਹਾਟੀ ਦੀ ਵਿਸ਼ੇਸ਼ ਕੋਰਟ ਨੇ ਮਨੀਪੁਰ ਦੇ ਦੋ ਲਾਪਤਾ ਵਿਦਿਆਰਥੀਆਂ, ਜਨਿ੍ਹਾਂ ਬਾਰੇ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਦੀ ਅਗਵਾ ਮਗਰੋਂ ਹੱਤਿਆ ਕੀਤੀ ਜਾ ਚੁੱਕੀ ਹੈ, ਨਾਲ ਸਬੰਧਤ ਕੇਸਾਂ ਵਿਚ ਗ੍ਰਿਫ਼ਤਾਰ ਚਾਰ ਮੁਲਜ਼ਮਾਂ ਨੂੰ ਸੀਬੀਆਈ ਦੀ ਪੰਜ ਦਿਨਾ ਹਿਰਾਸਤ ਵਿੱਚ ਭੇਜ ਦਿੱਤਾ ਹੈ। ਸੀਬੀਆਈ ਨੇ 23 ਅਗਸਤ ਨੂੰ ਉਕਤ ਮਾਮਲਿਆਂ ਵਿਚ ਕੇਸ ਦਰਜ ਕਰਨ ਮਗਰੋਂ ਐਤਵਾਰ ਨੂੰ ਦੋ ਮਹਿਲਾਵਾਂ ਸਣੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਮੁੁਲਜ਼ਮਾਂ ਨੂੰ ਅੱਜ ਵਿਸ਼ੇਸ਼ ਕੋਰਟ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਪੰਜ ਦਿਨਾਂ ਲਈ ਸੀਬੀਆਈ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਮੁਲਜ਼ਮਾਂ ਨੂੰ 7 ਅਕਤੂਬਰ ਨੂੰ ਮੁੜ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। ਕੋਰਟ ਨੇ ਕਾਮਰੂਪ ਜ਼ਿਲ੍ਹੇ ਦੇ ਬਾਲ ਭਲਾਈ ਅਧਿਕਾਰੀ ਨੂੰ ਹਦਾਇਤ ਕੀਤੀ ਹੈ ਕਿ ਉਹ ਇਕ ਮੁਲਜ਼ਮ ਨਾਲ ਲਿਆਂਦੀਆਂ ਉਸ ਦੀਆਂ ਨਾਬਾਲਗ ਧੀਆਂ ਦੀ ਸੰਭਾਲ ਯਕੀਨੀ ਬਣਾਉਣ। ਸੁਰੱਖਿਆ ਕਾਰਨਾਂ ਕਰਕੇ ਇਨ੍ਹਾਂ ਨਾਬਾਲਗਾਂ ਨੂੰ ਉਨ੍ਹਾਂ ਦੀ ਮਾਂ ਦੇ ਨਾਲ ਹੀ ਗੁਹਾਟੀ ਲਿਆਂਦਾ ਗਿਆ ਸੀ। -ਪੀਟੀਆਈ
ਬੀਰੇਨ ਸਿੰਘ ਨੂੰ ਬਦਲਣ ਦੀ ਮੰਗ ਖਾਰਜ
ਇੰਫਾਲ: ਮਨੀਪੁਰ ਦੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਐੱਲ.ਸੁਸ਼ੀਂਦਰੋ ਨੇ ਨੌਜਵਾਨਾਂ ਦੇ ਇਕ ਸਮੂਹ ਵੱਲੋਂ ਮੁੱਖ ਮੰਤਰੀ ਐੱਨ.ਬੀਰੇਨ ਸਿੰਘ ਨੂੰ ਬਦਲਣ ਤੇ ਇਕ ਨਵੀਂ ਖੇਤਰੀ ਪਾਰਟੀ, ਜੋ ਸੂਬੇ ਦੇ ਹਿੱਤਾਂ ਲਈ ਕੰਮ ਕਰੇ, ਬਣਾਏ ਜਾਣ ਦੀ ਮੰਗ ਖਾਰਜ ਕਰ ਦਿੱਤੀ ਹੈ। ਯੂਥ’ਜ਼ ਆਫ਼ ਮਨੀਪੁਰ ਦੇ ਬੈਨਰ ਹੇਠ ਨੌਜਵਾਨਾਂ ਦੇ ਸਮੂਹ ਨੇ ਸ਼ਨਿੱਚਰਵਾਰ ਨੂੰ ਸੱਤਾਧਾਰੀ ਪਾਰਟੀ ਦੇ 23 ਵਿਧਾਇਕਾਂ ਤੇ ਮੰਤਰੀਆਂ ਅਤੇ ਕਾਂਗਰਸ ਆਗੂ ਓਕਰਾਮ ਇਬੌਬੀ ਸਿੰਘ ਨਾਲ ਨਵੀਂ ਦਿੱਲੀ ਦੇ ਮਨੀਪੁਰ ਭਵਨ ਵਿੱਚ ਮੀਟਿੰਗ ਕੀਤੀ ਸੀ। ਸੁਸ਼ੀਦਰੋਂ ਨੇ ਕਿਹਾ, ‘‘ਮੁੱਖ ਮੰਤਰੀ ਨੂੰ ਬਦਲਣ ਦੀ ਮੰੰਗ ਸੂਬੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦਾ ਸੱਦਾ ਦੇਣ ਦੇ ਬਰਾਬਰ ਹੈ। ਮੁੱਖ ਮੰਤਰੀ ਦੀ ਚੋਣ ਚੁਣੇ ਹੋਏ ਨੁਮਾਇੰਦਿਆਂ ਵੱਲੋਂ ਕੀਤੀ ਜਾਂਦੀ ਹੈ। ਸਿਰਫ਼ ਇਸ ਲਈ ਕਿ ਉਨ੍ਹਾਂ ਮੁੱਖ ਮੰਤਰੀ ਬਦਲਣ ਦੀ ਮੰਗ ਕੀਤੀ ਹੈ, ਅਜਿਹਾ ਨਹੀਂ ਕੀਤਾ ਜਾ ਸਕਦਾ।’’ -ਪੀਟੀਆਈ