‘ਖੁਸ਼ਾਮਦ ਵਾਲੀ ਸਿਆਸਤ’ ਕਰਦੇ ਨੇ ਐੱਲਡੀਐੱਫ ਤੇ ਯੂਡੀਐੱਫ: ਸ਼ਾਹ
ਤਿਰੂਵਨੰਤਪੁਰਮ, 12 ਜੁਲਾਈ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਸੱਤਾਧਾਰੀ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਅਗਵਾਈ ਵਾਲੇ ਖੱਬੇ-ਪੱਖੀ ਜਮਹੂਰੀ ਮੋਰਚਾ (ਐੱਲਡੀਐੱਫ) ਅਤੇ ਵਿਰੋਧੀ ਧਿਰ ਕਾਂਗਰਸ ਦੀ ਅਗਵਾਈ ਵਾਲੇ ਯੂਨਾਈਟਿਡ ਡੈਮੋਕਰੈਟਿਕ ਫਰੰਟ (ਯੂਡੀਐੱਫ) ਦੋਵਾਂ ’ਤੇ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਕਿ ਦੋਵਾਂ ਨੇ ਸਿਰਫ਼ ਭ੍ਰਿਸ਼ਟਾਚਾਰ ਉਤਸ਼ਾਹਿਤ ਕੀਤਾ, ਖੁਸ਼ਾਮਦ ਵਾਲੀ ਸਿਆਸਤ ਕੀਤੀ ਅਤੇ ਕੇਰਲ ਨੂੰ ‘ਪਾਪੂਲਰ ਫਰੰਟ ਆਫ ਇੰਡੀਆ’ (ਪੀਐੱਫਆਈ) ਵਰਗੀਆਂ ਦੇਸ਼ ਵਿਰੋਧੀ ਤਾਕਤਾਂ ਲਈ ਪਨਾਹਗਾਹ ਬਣਾ ਦਿੱਤਾ। ਸ਼ਾਹ ਨੇ ਇੱਥੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿਰਫ਼ ਭਾਜਪਾ ਦੀ ਅਗਵਾਈ ਵਾਲਾ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਹੀ ਸੂਬੇ ਵਿੱਚ ਵਿਕਾਸ ਲਿਆ ਸਕਦਾ ਹੈ, ਨਾ ਕਿ ਐੱਲਡੀਐੱਫ ਜਾਂ ਯੂਡੀਐੱਫ। ਕੇਂਦਰੀ ਗ੍ਰਹਿ ਮੰਤਰੀ ਨੇ ਅੱਜ ਕਿਹਾ ਕਿ ਭਾਜਪਾ ਲਈ ਕੇਰਲ ਵਿੱਚ ਮੁੱਖ ਮੰਤਰੀ ਹੋਣ ਨਾਲੋਂ ਵੱਧ ਅਹਿਮ ਇਹ ਯਕੀਨੀ ਬਣਾਉਣਾ ਹੈ ਕਿ ਸੂਬੇ ਵਿੱਚ ਪਾਰਟੀ ਦਫ਼ਤਰ ‘ਵਿਕਸਿਤ ਕੇਰਲਮ’ ਦਾ ਕੇਂਦਰ ਬਣੇ। ਸ਼ਾਹ ਨੇ ਪਾਰਟੀ ਦੇ ‘ਵਿਕਸਿਤ ਕੇਰਲਮ’ ਮਿਸ਼ਨ ਦਾ ਲੋਗੋ ਤੇ ਮਾਟੋ ਵੀ ਜਾਰੀ ਕੀਤਾ। ਕੇਂਦਰ ਸਰਕਾਰ ਨੇ 2022 ਵਿੱਚ ਪੀਐੱਫਆਈ ’ਤੇ ਪਾਬੰਦੀ ਲਾ ਦਿੱਤੀ ਸੀ। ਸ਼ਾਹ ਨੇ ਸਵਾਲ ਕੀਤਾ ਕਿ ਕੇਰਲ ਸਰਕਾਰ ਕੋਲ ਪੀਐੱਫਆਈ ’ਤੇ ਪਾਬੰਦੀ ਲਾਉਣ ਦੇ ਸਾਰੇ ਅਧਿਕਾਰ ਹੋਣ ਦੇ ਬਾਵਜੂਦ ਉਸ ਨੇ ਅਜਿਹਾ ਕਿਉਂ ਨਹੀਂ ਕੀਤਾ। ਸ਼ਾਹ ਇੱਥੇ ਪੁਥਰੀਕੰਦਮ ਮੈਦਾਨ ਵਿੱਚ ਪਾਰਟੀ ਕਾਰਕੁਨਾਂ ਅਤੇ ਸਮਰਥਕਾਂ ਦੀ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਸ਼ਾਹ ਨੇ ਇੱਥੇ ਭਾਜਪਾ ਦੀ ਨਵੇਂ ਦਫ਼ਤਰ ‘ਮੁਰਾਰਜੀ ਭਵਨ’ ਦਾ ਵੀ ਉਦਘਾਟਨ ਕੀਤਾ। -ਪੀਟੀਆਈ