‘ਰੇਲਵਨ’ ਐਪਲੀਕੇਸ਼ਨ ਦੀ ਸ਼ੁਰੂਆਤ
ਨਵੀਂ ਦਿੱਲੀ, 1 ਜੁਲਾਈ
ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਅੱਜ ‘ਰੇਲਵਨ ਮੋਬਾਈਲ ਐਪਲੀਕੇਸ਼ਨ’ ਦੀ ਸ਼ੁਰੂਆਤ ਕੀਤੀ, ਜਿਸ ਨਾਲ ਮੁਸਾਫ਼ਰਾਂ ਨੂੰ ਟਿਕਟ ਬੁਕਿੰਗ, ਰੇਲ ਗੱਡੀ ਤੇ ਪੀਐੱਨਆਰ ਪੁੱਛ ਪੜਤਾਲ, ਯਾਤਰਾ ਯੋਜਨਾ ਬਣਾਉਣ, ਰੇਲ ਸਹਾਇਤਾ ਸੇਵਾਵਾਂ ਅਤੇ ਖਾਣੇ ਦੀ ਬੁਕਿੰਗ ਜਿਹੀਆਂ ਕਈ ਸੇਵਾਵਾਂ ਤੱਕ ਸੁਖਾਲੀ ਪਹੁੰਚ ਬਣਾਉਣ ’ਚ ਮਦਦ ਮਿਲੇਗੀ।
ਵੈਸ਼ਨਵ ਨੇ ਰੇਲਵੇ ਸੂਚਨਾ ਪ੍ਰਣਾਲੀ ਕੇਂਦਰ (ਸੀਆਰਆਈਐੱਸ) ਦੇ 40ਵੇਂ ਸਥਾਪਨਾ ਦਿਵਸ ਸਮਾਗਮ ’ਚ ਇਸ ਐਪ ਦੀ ਸ਼ੁਰੂਆਤ ਕੀਤੀ। ਰੇਲ ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ, ‘ਰੇਲਵਨ ਐਪ ’ਤੇ ਮੁਸਾਫ਼ਰਾਂ ਦੀਆਂ ਸਾਰੀਆਂ ਲੋੜਾਂ ਦਾ ਹੱਲ ਮੁਹੱਈਆ ਹੋਵੇਗਾ।’ ਇਸ ਵਿੱਚ ਕਿਹਾ ਗਿਆ ਹੈ ਕਿ ਐਪ ਰਾਹੀਂ ਮਾਲ ਢੁਆਈ ਨਾਲ ਸਬੰਧਤ ਪੁੱਛ-ਪੜਤਾਲ ਦੀ ਸਹੂਲਤ ਵੀ ਮਿਲੇਗੀ। ਐਪ ਦੇ ਮੂਲ ਮਕਸਦ ਬਾਰੇ ਦੱਸਦਿਆਂ ਮੰਤਰਾਲੇ ਨੇ ਕਿਹਾ ਕਿ ਇਸ ਨਾਲ ਖਪਤਕਾਰਾਂ ਨੂੰ ਸਰਲ ਤੇ ਸਪੱਸ਼ਟ ਯੂਜ਼ਰ ਇੰਟਰਫੇਸ ਰਾਹੀਂ ਬਿਹਤਰ ਤਜਰਬਾ ਪ੍ਰਾਪਤ ਹੋਵੇਗਾ। ਮੰਤਰਾਲੇ ਨੇ ਕਿਹਾ, ‘ਇਸ ਵਿੱਚ ਨਾ ਸਿਰਫ਼ ਸਾਰੀਆਂ ਸੇਵਾਵਾਂ ਇੱਕ ਹੀ ਥਾਂ ’ਤੇ ਮਿਲਣਗੀਆਂ, ਸਗੋਂ ਸੇਵਾਵਾਂ ਵਿਚਾਲੇ ਏਕੀਕ੍ਰਿਤ ਕੁਨੈਕਟੀਵਿਟੀ ਵੀ ਹੈ, ਜਿਸ ਨਾਲ ਖਪਤਕਾਰਾਂ ਨੂੰ ਭਾਰਤੀ ਰੇਲਵੇ ਸੇਵਾਵਾਂ ਦਾ ਮੁਕੰਮਲ ਪੈਕੇਜ ਮਿਲਦਾ ਹੈ।’-ਪੀਟੀਆਈ